ਗੁਰਮਤਿ ਸਤਿ ਕਰ ਕੇ ਸਿੰਬਲ = ਪ੍ਰਪੰਚੀ ਭਾਵੋਂ ਦਿਖਾਵੇ ਦੇ ਪਾਸਾਰੇ ਵਾਲੇ ਸੁਭਾਵ ਨੂੰ ਪਲਟ ਕੇ ਸਫਲ ਭਏ ਫਲਦਾਰ ਬਣ ਗਏ ਭਾਵ ਕਰਣੀ ਵਾਲੇ ਹੋ ਗਏ ਤੇ ਗੁਰਮਤਿ ਸਤਿ ਕਰ ਕੇ ਵਾਂਸ ਸਮਾਨ ਅਭਿਮਾਨੀਆਂ ਵਿਚ ਭੀ ਸੁਗੰਧ ਹੋ ਗਈ ਸਤਿਗੁਰਾਂ ਦੀ ਸੰਗਤਿ ਦੀ ਪਾਹ ਨਾਲ ਨਿਰਅਭਿਮਾਨਤਾ ਧਾਰ ਲਈ ਤੇ ਚਿਕਨੀਆਂ ਚੋਪੜੀਆਂ ਗੱਲਾਂ ਦੀ ਵਾਦੀ ਨੂੰ ਤਿਆਗ ਦਿੱਤਾ।
ਗੁਰਮਤਿ ਸਤਿ ਕਰ ਕੇ ਕੰਚਨ ਹੋ ਗਏ ਮਨੂਰ ਤੋਂ ਭਾਵ ਊਰਾ ਮਨ ਊਨਤਾਈਆਂ ਨਾਲ ਭਰਿਆ ਮਨ ਸ਼ੁੱਧ ਨਿਰਮਲ ਦਿਬ੍ਯ ਤੇਜ ਵਾਲਾ ਸ੍ਵਰਨ ਵਤ ਬਹੁ ਮੁੱਲਾ ਬਣ ਗਿਆ, ਤੇ ਗੁਰਮਤਿ ਸਤਿ ਕਰ ਕੇ, ਅੰਧ ਅੰਨ੍ਹੇ ਵਿਵੇਕ ਵੀਚਾਰ ਰੂਪ ਨੇਤ੍ਰਾਂ ਤੋਂ ਰਹਿਤ ਭੀ ਪਰਖਤ ਪਰਖਨ ਲਗ ਪਏ ਤੱਤ ਮਿਥਿਆ ਭਾਵੀ ਸੱਚ ਝੂਠ ਦਾ ਨਿਰਣਾ ਕਰਨ ਵਾਲੇ ਪਰਖਊਏ ਹੋ ਗਏ।
ਗੁਰਮਤਿ ਸਤਿ ਕਰ ਕੇ, ਕਾਲਕੂਟ ਵਿਹੁ ਭੀ ਅੰਮ੍ਰਿਤ ਮਿੱਠੀ ਹੋ ਜਾਂਦੀ ਹੈ ਭਾਵ ਕੌੜੀ ਗੰਦਲ ਵਾ ਨਿੰਮ ਵਾਂਗੂੰ ਕੁੜੱਤਨ ਭਰੀ ਬੋਲੀ ਅੰਮ੍ਰਿਤ ਵਰਗੀ ਮਿੱਠੀ ਹੋ ਜਾਂਦੀ ਹੈ, ਜਿਸ ਕਰ ਕੇ ਕਾਲ ਮੈਂ ਕਾਲ ਦੇ ਮੂੰਹ ਆਏ ਰਹਿਣੋਂ ਅਕਾਲ ਅਮਰ ਹੋ ਗਏ ਅਰ ਕੰਧ ਸ਼ਰੀਰ ਕੁੜੱਤਨ ਦੀ ਵਿਹੁ ਨਾਲ ਸੜਦੇ ਰਹਿਣੋਂ ਛੇਤੀ ਮੌਤ ਦਾ ਸ਼ਿਕਾਰ ਹੋ ਜਾਣੋਂ ਬਚਕੇ ਅਸਥਿਰ ਅੱਟਲ ਬਹੁ ਹੰਢਨਾ ਚਿਰਜੀਵੀ ਹੋ ਜਾਂਦਾ ਹੈ।
ਗੁਰਮਤਿ ਸਤਿ ਕਰ ਕੇ ਜੀਵਨ ਮੁਕਤ ਹੋ ਗਏ, ਤੇ ਏਸੇ ਕਰ ਕੇ ਹੀ ਮਾਇਆ ਰੂਪ ਸੰਸਾਰ ਵਾ ਮੇਰ ਤੇਰ ਆਦਿ ਪਸਾਰੇ ਪਸਾਰਨੋਂ ਉਦਾਸ ਉਪ੍ਰਾਮ ਰਹਿੰਦੇ ਹਨ, ਅਰ ਬਾਸ ਬੰਧ = ਬਾਸਨਾ ਤੋਂ ਉਤਪੰਨ ਹੋਣ ਹਾਰਿਆਂ ਬੰਧਨਾਂ ਸੰਸਾਰੀ ਪਦਾਰਥਾਂ ਵਾ ਫੁਰਨਿਆਂ ਦੇ ਲਗਾਉ ਪਲੇਟਾਂ ਤੋਂ ਨਿਰਬੰਧ ਬੰਧਨ ਰਹਿਤ ਹੋਏ ਛੁਟੇ ਰਹਿੰਦੇ ਹਨ ॥੨੭॥