ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 219


ਬਾਰੀ ਬਹੁ ਨਾਇਕ ਕੀ ਨਾਇਕਾ ਪਿਆਰੀ ਕੇਰੀ ਘੇਰੀ ਆਨਿ ਪ੍ਰਬਲ ਹੁਇ ਨਿੰਦ੍ਰਾ ਨੈਨ ਛਾਇ ਕੈ ।

ਵਾਰੀ ਤਾਂ ਸੀ ਬਹੁ ਨਾਇਕ ਕੀ ਪਿਆਰੀ ਕੇਰੀ ਬਹੁਤੀਆਂ ਬ੍ਯੰਤ ਇਸਤ੍ਰੀਆਂ ਸਿੱਖਾਂ ਦੇ ਸ੍ਵਾਮੀ ਸਤਿਗੁਰੂ ਦੀ ਪਿਆਰੀ ਹਜ਼ੂਰ ਵਿਚ ਪ੍ਰਵਾਣੀ ਹੋਈ ਇਸਤ੍ਰੀ ਦੀ ਭਾਵ ਮੇਰੀ, ਕਿਉਂਕਿ ਤੀਸਰੀ ਪਾਤਿਸ਼ਾਹੀ ਤੋਂ ਲੈ ਕੇ ਇਸ ਸਮੇਂ ਤਕ ਪ੍ਰਚਾਰ ਦੀ ਸੇਵਾ ਕਰਦਿਆਂ ਏਸ ਵਰੇਸਾ ਵਿਚ ਹਜ਼ੂਰੀ ਦੇ ਰਸ ਮਾਨਣ ਦਾ ਮੇਰਾ ਸਮਾਂ ਸੀ। ਪਰ ਐਨ ਵੇਲੇ ਸਿਰ ਨੀਂਦ ਅਵਿਦ੍ਯਾ ਅਣਜਾਨਤਾ ਨੇ ਮੇਰੇ ਵੀਚਾਰ ਬਿਬੇਕ ਰੂਪ ਨੇਤ੍ਰਾਂ ਅੰਦਰ ਛਾਇ ਪਸਰ ਸਿੰਜਰ ਤੇ ਪ੍ਰਬਲ ਹੁਇ ਕੈ ਬਲ ਪਾ ਕੇ ਮੈਨੂੰ ਆਨ ਘੇਰਿਆ ਭਰਮਾ ਦਿੱਤਾ।

ਪ੍ਰੇਮਨੀ ਪਤਿਬ੍ਰਤਾ ਚਇਲੀ ਪ੍ਰਿਆ ਆਗਮ ਕੀ ਨਿੰਦ੍ਰਾ ਕੋ ਨਿਰਾਦਰ ਕੈ ਸੋਈ ਨ ਭੈ ਭਾਇ ਕੈ ।

ਜਿਹੜੀਆਂ ਤਾਂ ਪਿਆਰੇ ਦੇ ਆਗਮਨ ਔਣ ਮਿਲਾਪ ਦੇ ਚਈਲੀ ਚਾਉ ਵਾਲੀਆਂ ਸਨ ਤੇ ਪਤੀ ਗੁਰੂ ਮਾਤ੍ਰ ਦਾ ਹੀ ਬ੍ਰਤ ਧਾਰ ਕੇ ਜੋ ਪ੍ਰੇਮਨਾਂ ਬਣ ਰਹੀਆਂ ਸਨ ਅਰਥਾਤ ਇਕ ਮਾਤ੍ਰ ਅਨੰਨ ਪ੍ਰੇਮ ਸਤਿਗੁਰਾਂ ਦਾ ਧਾਰ ਕੇ ਜਿਨ੍ਹਾਂ ਨੂੰ ਗੁਰੂ ਮਹਾਰਾਜ ਜੀ ਪੂਰਣ ਕ੍ਰਿਪਾ ਪ੍ਰਾਪਤ ਕਰਨ ਦੀ ਉਮੰਗ ਲਗ ਰਹੀ ਸੀ, ਸੇਵਾ ਦਾ ਸਮਾਂ ਨਾ ਟਲ ਜਾਇ ਕਿਸੇ ਭਾਂਤ ਘੌਲ ਨਾ ਹੋ ਜਾਇ ਐਸੇ ਭੈ ਤੌਖ਼ਲੇ ਦੇ ਅਧੀਨ ਹੋ ਕਰ, ਉਹ ਭਾਇ ਕੈ ਸ਼ਰਧਾ ਪੂਰਬਕ ਹੀ ਰਹੀਆਂ ਤੇ ਨੀਂਦ ਦਾ ਨਿਰਾਦਰ ਕਰ ਕੇ ਹਰ ਸਮੇ ਮੂਰਖਤਾ ਦਾ ਧੱਪਾ ਖਾਣੋਂ ਸੰਭਲ ਕੇ ਸੋਈ ਨਾ ਸੁੱਤੀਆਂ ਓਨਾਂ ਨੇ ਘੌਲ ਨਾ ਕੀਤੀ ਪ੍ਰਮਾਦ ਅਧੀਨ ਉਹ ਨਾ ਹੋਏ।

ਸਖੀ ਹੁਤੀ ਸੋਤ ਥੀ ਭਈ ਗਈ ਸੁਖਦਾਇਕ ਪੈ ਜਹਾ ਕੇ ਤਹੀ ਲੈ ਰਾਖੇ ਸੰਗਮ ਸੁਲਾਇ ਕੈ ।

ਸਕੀ ਅਪਣਾਈ ਹੋਈ ਹੁੰਦੀ ਭੀ ਮੈਂ ਸੁੱਤੀ ਹੀ ਰਹਿ ਗਈ, ਅਰੁ ਗਈ ਰਹਿ ਗਈ ਵੰਜਾਈ ਗਈ ਸੁਖਾਂ ਦੇ ਦਾਤੇ ਸਤਿਗੁਰਾਂ ਦੇ ਪੈ ਪਾਸ ਤੇ। ਜੈਸਾ ਕਿ ਸੰਗਮ ਸਮਾਗਮ ਵਿਛੋੜੇ ਦਾ ਕੁ ਭਾਗ ਵੱਸ ਤੇ ਬਣ ਰਿਹਾ ਸੀ, ਓਸ ਨੇ ਜਿਥੇ ਦਾ ਤਿਥੇ ਹੀ ਸੁਵਾਈ ਰਖਿਆ ਸੁਧ ਨਾ ਔਣ ਦਿੱਤੀ।

ਸੁਪਨ ਚਰਿਤ੍ਰ ਮੈ ਨ ਮਿਤ੍ਰਹਿ ਮਿਲਨ ਦੀਨੀ ਜਮ ਰੂਪ ਜਾਮਨੀ ਨ ਨਿਬਰੈ ਬਿਹਾਇ ਕੈ ।੨੧੯।

ਇਹ ਸੁਪਨੇ ਦਾ ਚਲਿਤ੍ਰ ਚਾਲਾ ਬਿਰਤਾਂਤ ਐਸਾ ਵਰਤਿਆ ਜਿਸ ਨੇ ਮੈਨੂੰ ਪਿਆਰੇ ਸਤਿਗੁਰ ਦੇ ਸਾਮਨੇ ਭੀ ਨਾ ਹੋਣ ਦਿੱਤਾ। ਹਾਯ! ਇਹ ਅਵਿਦ੍ਯਾ ਮਈ ਜਾਮਿਨੀ ਰਾਤ੍ਰੀ ਮੇਰੇ ਲਈ ਭ੍ਯਾਨਕ ਮੌਤ ਰੂਪ ਹੋ ਰਹੀ ਹੈ, ਜੋ ਅਜੇ ਤਕ ਭੀ ਬਿਤੀਤ ਹੋ ਕੇ ਮੇਰੇ ਨੇਤ੍ਰਾਂ ਅਗੋਂ ਨਿਬਰੈ ਨਿਵਿਰਤ ਨਹੀਂ ਹੋਣ ਪੌਂਦੀ ॥੨੧੯॥