ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 614


ਜੈਸੇ ਧੋਭੀ ਸਾਬਨ ਲਗਾਇ ਪੀਟੈ ਪਾਥਰ ਸੈ ਨਿਰਮਲ ਕਰਤ ਹੈ ਬਸਨ ਮਲੀਨ ਕਉ ।

ਜਿਵੇਂ ਧੋਬੀ ਸਾਬਣ ਲਾ ਕੇ ਕੱਪੜੇ ਨੂੰ ਪੱਥਰ ਨਾਲ ਕੁੱਟਦਾ ਹੈ ਤੇ ਇਉਂ ਮੈਲੇ ਕੱਪੜੇ ਨੂੰ ਨਿਰਮਲ ਕਰਦਾ ਹੈ।

ਜੈਸੇ ਤਉ ਸੁਨਾਰ ਬਾਰੰਬਾਰ ਗਾਰ ਗਾਰ ਢਾਰ ਕਰਤ ਅਸੁਧ ਸੁਧ ਕੰਚਨ ਕੁਲੀਨ ਕਉ ।

ਜਿਵੇਂ ਕਿ ਸੁਨਿਆਰਾ ਕਈ ਵਾਰ ਢਾਲ ਤੇ ਕਈ ਵਾਰ ਗਾਲ ਗਾਲ ਕੇ ਅਸ਼ੁਧ ਸੋਨੇ ਨੂੰ ਸ਼ੁਧ ਕਰਦਾ ਤੇ ਕੁੰਦਨ ਬਣਾ ਦਿੰਦਾ ਹੈ। ਤ

ਜੈਸੇ ਤਉ ਪਵਨ ਝਕਝੋਰਤ ਬਿਰਖ ਮਿਲ ਮਲਯ ਗੰਧ ਕਰਤ ਹੈ ਚੰਦਨ ਪ੍ਰਬੀਨ ਕਉ ।

ਜਿਵੇਂ ਬ੍ਰਿਛਾਂ ਨੂੰ ਮਿਲ ਮਿਲ ਕੇ ਮਲਯ ਗੰਧ ਵਾਲੀ ਵਾਯੂ ਝੰਜੋੜਦੀ ਹੈ ਤਾਂ ਉਨ੍ਹਾਂ ਨੂੰ ਉੱਤਮ ਚੰਦਨ ਬਣਾ ਦਿੰਦੀ ਹੈ।

ਤੈਸੇ ਗੁਰ ਸਿਖਨ ਦਿਖਾਇ ਕੈ ਬ੍ਰਿਥਾ ਬਿਬੇਕ ਮਾਯਾ ਮਲ ਕਾਟਿ ਕਰੈ ਨਿਜ ਪਦ ਚੀਨ ਕਉ ।੬੧੪।

ਤਿਵੇਂ ਸਤਿਗੁਰੂ ਸਿੱਖਾਂ ਨੂੰ ਮਾੜੇ ਕਰਮਾਂ ਦੀ ਪੀੜਾ ਦਿਖਾਕੇ ਤੇ ਬਿਬਕੇ ਗਿਆਨ ਦ੍ਰਿੜਾਕੇ ਉਨ੍ਹਾਂ ਦੀ ਮਾੲਆ ਦੀ ਮੈਲ ਕੱਟਕੇ ਆਪਣੇ ਸ੍ਵਰੂਪ ਨੂੰ ਪਛਾਣਨ ਵਾਲੇ ਬਣਾ ਦਿੰਦਾ ਹੈ ॥੬੧੪॥