ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 395


ਜੈਸੇ ਕੁਲਾਬਧੂ ਬੁਧਿਵੰਤ ਸਸੁਰਾਰ ਬਿਖੈ ਸਾਵਧਾਨ ਚੇਤਨ ਰਹੈ ਅਚਾਰ ਚਾਰ ਕੈ ।

ਜਿਸ ਤਰ੍ਹਾਂ ਸੌਹਰੇ ਘਰ ਵਿਖੇ ਬੁਧਵੰਤੀ ਸ੍ਯਾਣੀ ਕੁਲ ਬਹੂ ਸ੍ਰੇਸ਼ਟ ਆਚਾਰ ਦੇ ਪਾਲਨ ਵਿਖੇ ਸਾਵਧਾਨ ਤੇ ਚੇਤਨ ਹੁਸ਼੍ਯਾਯ ਚੌਕਸ ਰਿਹਾ ਕਰਦੀ ਹੈ।

ਸਸੁਰ ਦੇਵਰ ਜੇਠ ਸਕਲ ਕੀ ਸੇਵਾ ਕਰੈ ਖਾਨ ਪਾਨ ਗਿਆਨ ਜਾਨਿ ਪ੍ਰਤਿ ਪਰਵਾਰਿ ਕੈ ।

ਸੌਹਰੇ ਦੀ ਦਿਓਰ ਅਰ ਜੇਠ ਆਦਿ ਸਾਰਿਆਂ ਦੀ ਹੀ ਖਾਨ ਪਾਨ ਦ੍ਵਾਰੇ ਸੇਵਾ ਕਰਦੀ ਹੈ ਗਿਆਨ ਸਮਝ ਪੂਰਬਕ ਇਹ ਜਾਣ ਕੇ ਕਿ ਉਸ ਦੇ ਪਤੀ ਦਾ ਪਰਵਾਰ ਹੈ।

ਮਧੁਰ ਬਚਨ ਗੁਰਜਨ ਸੈ ਲਜਾਵਾਨ ਸਿਹਿਜਾ ਸਮੈ ਰਸ ਪ੍ਰੇਮ ਪੂਰਨ ਭਤਾਰ ਕੈ ।

ਗੁਰ ਜਨ ਸੈ ਵਡਕਿਆਂ ਬਜੁਰਗਾਂ ਪਾਸੋਂ ਲੱਜਾ ਲੈਂਦੀ ਲੱਜਾ ਧਾਰਦੀ ਸ਼ਰਮ ਰਖਦੀ ਹੈ, ਤੇ ਮਿਠੇ ਮਿਠੇ ਆਦਰ ਸਤਿਕਾਰ ਭਰੇ ਬਚਨ ਬੋਲ੍ਯਾ ਕਰਦੀ ਹੈ, ਪ੍ਰੰਤੂ ਸਿਹਜਾ ਸਮੇਂ ਰਸ ਭਰ੍ਯਾ ਪੂਰਨ ਪ੍ਰੇਮ ਪ੍ਯਾਰ ਇਕ ਭਰਤਾ ਨਾਲ ਹੀ ਕਰ੍ਯਾ ਕਰਦੀ ਹੈ।

ਤੈਸੇ ਗੁਰਸਿਖ ਸਰਬਾਤਮ ਪੂਜਾ ਪ੍ਰਬੀਨ ਬ੍ਰਹਮ ਧਿਆਨ ਗੁਰ ਮੂਰਤਿ ਅਪਾਰ ਕੈ ।੩੯੫।

ਤਿਸੀ ਪ੍ਰਕਾਰ ਹੀ ਗੁਰੂ ਕਾ ਸਿੱਖ ਭੀ ਸਭ ਦੀ ਹੀ ਸਰਬਾਤਮ ਸਰੂਪੀ ਜਾਣ ਪੂਜਾ ਆਦਰ ਸਤਿਕਾਰ ਸੇਵਾ ਬੰਦ ਵਿਖੇ ਪ੍ਰਬੀਨ ਚੰਗਾ ਸ੍ਯਾਣਾ ਰਹਿੰਦਾ ਹੈ ਪ੍ਰੰਤੂ ਅਪਾਰ ਪਾਰਾਵਾਰ ਤੋਂ ਰਹਿਤ ਬ੍ਰਹਮ ਸਰੂਪੀ ਧ੍ਯਾਨ ਕੇਵਲ, ਗੁਰੂ ਮਹਾਰਾਜ ਦੀ ਮੂਰਤੀ ਸਰੂਪ ਦਾ ਹੀ ਕਰ੍ਯਾ ਕਰਦਾ ਹੈ, ਸਤਿਗੁਰਾਂ ਬਿਨਾਂ ਹੋਰ ਕਿਸੇ ਨੂੰ ਇਸ਼ਟ ਦੇਵ ਨਹੀਂ ਮੰਨ੍ਯਾ ਕਰਦਾ ॥੩੯੫॥


Flag Counter