ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 427


ਗੁਰ ਉਪਦੇਸ ਪਰਵੇਸ ਕਰਿ ਭੈ ਭਵਨ ਭਾਵਨੀ ਭਗਤਿ ਭਾਇ ਚਾਇ ਕੈ ਚਈਲੇ ਹੈ ।

ਜਦ ਗੁਰੂ ਮਹਾਰਾਜ ਦਾ ਉਪਦੇਸ਼ ਅੰਦਰ ਪ੍ਰੇਵਸ਼ ਕਰ ਜਾਂਦਾ ਹੈ; ਤਾਂ ਉਹ ਸਤਿਗੁਰੂ ਅੰਤ੍ਰਯਾਮੀ ਦੇ ਭੈ ਤਥਾ ਭਾਵਨੀ ਸ਼੍ਰਧਾ ਅਰੁ ਭਗਤੀ ਭਾਵ ਦੇ ਭਵਨ ਮੰਦਰ ਸਥਾਨ ਬਣ ਜਾਇਆ ਕਰਦੇ ਹਨ; ਅਰਥਾਤ ਐਸੇ ਗੁਰਮੁਖ ਭੈ;ਭੌਣੀ ਆਦਿ ਨੂੰ ਆਸਰਾ ਦੇਣ ਵਾਲੇ ਹੋ ਜਾਂਦੇ ਹਨ ਅਤੇ ਓਨਾਂ ਦਾ ਹਿਰਦਾ ਚਾਇਕੇ ਸਿੱਕ ਦੇ ਕਾਰਣ ਚਈਲੇ ਚਾਹਮਲੀਆਂ ਵਾਲਾ ਉਤਸ਼ਾਹ ਉਮੰਗ ਸੰਪੰਨ ਹੋ ਜਾਯਾ ਕਰਦਾ ਹੈ; ਭਾਵ ਪ੍ਰੇਮ ਦੀ ਉਮੰਗ ਸਦਾ ਓਨਾਂ ਦੇ ਅੰਦਰ ਜਾਗੀ ਰਹਿੰਦੀ ਹੈ।

ਸੰਗਮ ਸੰਜੋਗ ਭੋਗ ਸਹਜ ਸਮਾਧਿ ਸਾਧ ਪ੍ਰੇਮ ਰਸ ਅੰਮ੍ਰਿਤ ਕੈ ਰਸਕ ਰਸੀਲੇ ਹੈ ।

ਮਿਲਾਪ ਦੇ ਸੰਜੋਗ ਔਸਰ ਨੂੰ ਭੋਗ ਮਾਣਦੇ ਹੋਏ ਇਸੇ ਵਿਖੇ ਹੀ ਸਹਜ ਭਾਵ ਰੂਪੀ ਇਸਥਿਤੀ ਨੂੰ ਸਾਧ ਕੇ ਪ੍ਰੇਮ ਰਸ ਰੂਪ ਅੰਮ੍ਰਿਤ ਦੇ 'ਰਸਿਕ' ਰਸੀਏ ਬਣ ਕੇ 'ਰਸੀਲੇ' ਰਸਵਾਨ ਬਣ ਜਾਂਦੇ ਹਨ।

ਬ੍ਰਹਮ ਬਿਬੇਕ ਟੇਕ ਏਕ ਅਉ ਅਨੇਕ ਲਿਵ ਬਿਮਲ ਬੈਰਾਗ ਫਬਿ ਛਬਿ ਕੈ ਛਬੀਲੇ ਹੈ ।

ਬ੍ਰਹਮ ਵੀਚਾਰ ਦੀ ਟੇਕ ਓਟ ਲੈ ਕੇ 'ਏਕ ਅਉ ਅਨੇਕ' ਅਨੇਕ ਅਕਾਰਾਂ ਵਿਖੇ ਏਕ ਹੀ ਨਿਸਚੇ ਕਰ ਵਾ ਬੁਝ ਕੇ ਤਿਸ ਦੀ ਹੀ ਲਿਵ ਲਗੌਂਦੇ ਨਿਰਮਲ ਬੈਰਾਗ ਕਾਰਣ ਆਦਿ ਨਿਮਿੱਤ ਰਹਿਤ ਸੁਧ ਬੈਰਾਗ ਨਾਲ ਫਬਦੇ ਹੋਏ ਛਬਿ ਕਰ ਕੇ ਛਬੀਲੇ ਸੁੰਦ੍ਰ ਮਨੋਹਰ ਸਰੂਪ ਬਣੇ ਰਹਿੰਦੇ ਹਨ।

ਪਰਮਦਭੁਤ ਗਤਿ ਅਤਿ ਅਸਚਰਜਮੈ ਬਿਸਮ ਬਿਦੇਹ ਉਨਮਨ ਉਨਮੀਲੇ ਹੈ ।੪੨੭।

ਓਨ੍ਹਾਂ ਦੀ ਗਤੀ ਇਸੇ ਕਰ ਕੇ ਹੀ ਪਰਮ ਅਦਭੁਤ ਅਨੋਖੀ ਅਤੇ ਅਚਰਜ ਰੂਪਿਣੀ ਹੋ ਜਾਂਦੀ ਹੈ ਅਤੇ ਉਨਮਨੀ ਭਾਵ ਵਿਖੇ ਉਨਮੀਲਿਤ ਮਗਨ ਹੋ ਕੇ ਬਿਸਮ ਹਰਾਨ ਕਰ ਦੇਣ ਵਾਲੇ ਵਿਦੇਹ ਭਾਵ ਰੂਪ ਜੀਵਨ ਮੁਕਤ ਦਸ਼ਾ ਵਿਖੇ ਲਿਵ ਲੀਨ ਰਹਿੰਦੇ ਹਨ ॥੪੨੭॥


Flag Counter