ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 486


ਸੂਰਜ ਪ੍ਰਗਾਸ ਨਾਸ ਉਡਗਨ ਅਗਿਨਤ ਜਿਉ ਆਨ ਦੇਵ ਸੇਵ ਗੁਰਦੇਵ ਕੇ ਧਿਆਨ ਕੈ ।

ਜਿਸ ਤਰ੍ਹਾਂ ਸੂਰਜ ਦੇ ਹੁੰਦੇ ਸਾਰ ਅਨਗਿਣਤ ਅਸੰਖਾਂ ਸਤਾਰੇ ਲੋਪ ਹੋ ਜਾਂਦੇ ਹਨ, ਇਸੇ ਤਰ੍ਹਾਂ ਸਤਿਗੁਰਾਂ ਦੇ ਧ੍ਯਾਨ ਮਾਤ੍ਰ ਨਾਲ ਅੰਦਰ ਖ੍ਯਾਲ ਕਰਦਿਆਂ ਸਾਰ ਹੀ ਆਨ ਦੇਵ ਸੇਵ ਦੂਰ ਹੋ ਜਾਯਾ ਕਰਦੀ ਹੈ ਸੁਤੇ ਹੀ ਛੁੱਟ ਜਾਯਾ ਕਰਦੀ ਹੈ।

ਹਾਟ ਬਾਟ ਘਾਟ ਠਾਠੁ ਘਟੈ ਘਟੈ ਨਿਸ ਦਿਨੁ ਤੈਸੋ ਲੋਗ ਬੇਦ ਭੇਦ ਸਤਿਗੁਰ ਗਿਆਨ ਕੈ ।

ਜਿਸ ਤਰ੍ਹਾਂ ਸਮੇਂ ਦੇ ਪ੍ਰਭਾਵ ਕਰ ਕੇ ਰਾਤ ਦਿਨ ਹੱਟ ਬਾਜਾਰ ਰਾਹ ਘਾਟ ਪੱਤਨ ਦਾ ਠਾਟ ਪੂਰਬਲਾ ਪਸਾਰਾ ਘਟਦਾ ਹੀ ਘਟਦਾ ਜਾ ਰਿਹਾ ਹੈ। ਅਰਥਾਤ ਜਿਸ ਭਾਂਤ ਪੂਰਬ ਕਾਲ ਦੀਆਂ ਸਭ ਵਰਤਨ ਵਿਹਾਰ ਦੀਆਂ ਪ੍ਰਪਾਟੀਆਂ ਆਪ ਤੇ ਆਪ ਹੀ ਖ੍ਯੀਣ ਹੋਈਆਂ ਜਾ ਰਹੀਆਂ ਤੇ ਨਵੀਂ ਰੋਸ਼ਨੀ ਦਾ ਹੀ ਪਸਾਰਾ ਪਸਰਦਾ ਜਾ ਰਿਹਾ ਹੈ ਏਸੇ ਪ੍ਰਕਾਰ ਹੀ ਸਤਿਗੁਰੂ ਦੇ ਗਿਆਨ ਦੇ ਪ੍ਰਭਾਵ ਅਗੇ ਦਿਨੋ ਦਿਨ ਸਭ ਹੀ ਲੋਕ ਬੇਦ ਆਦਿ ਦੇ ਭੇਦ ਵਰਤਾਰੇ ਭੀ ਦੂਰ ਹੋਏ ਜਾ ਰਹੇ ਹਨ।

ਚੋਰ ਜਾਰ ਅਉ ਜੂਆਰ ਮੋਹ ਦ੍ਰੋਹ ਅੰਧਕਾਰ ਪ੍ਰਾਤ ਸਮੈ ਸੋਭਾ ਨਾਮ ਦਾਨ ਇਸਨਾਨ ਕੈ ।

ਤਾਤਪ੍ਰਯ ਇਹ ਕਿ ਚੋਰਾਂ ਯਾਰਾਂ ਅਤੇ ਜੁਆਰੀਆਂ ਵਲਾ ਮੋਹ ਮੋਹਨ ਠੱਗਨ ਤੇ ਦ੍ਰੋਹ ਧੋਖੇ ਛਲ ਵਾਲਾ ਅੰਧਕਾਰ ਹਨੇਰ ਸਮਾਂ ਦੂਰ ਹੋ ਰਿਹਾ ਹੈ, ਅਤੇ ਨਾਮ ਦਾਨ ਇਸ਼ਨਾਨ ਦੀ ਪ੍ਰਵਿਰਤੀ ਦੇ ਮਹੱਤ ਦੀ ਪ੍ਰਭਾਤ ਦਾ ਸਮਾਂ ਉਦੇ ਹੋ ਰਿਹਾ ਹੈ ਭਾਵ ਗੁਰ ਪ੍ਰਤਾਪ ਦਾ ਸੂਰਜ ਉਦੇ ਹੋ ਹਨੇਰ ਸਮੇਂ ਨੂੰ ਦੂਰ ਕਰ ਰਿਹਾ ਹੈ।

ਆਨ ਸਰ ਮੇਡੁਕ ਸਿਵਾਲ ਘੋਘਾ ਮਾਨਸਰ ਪੂਰਨ ਬ੍ਰਹਮ ਗੁਰ ਸਰਬ ਨਿਧਾਨ ਕੈ ।੪੮੬।

ਜਦ ਕਿ ਇਵੇਂ ਹੀ ਹੋਰ ਸਰੋਵਰਾਂ ਉਪਰ ਡਡੂਆਂ ਤਰਾਂ ਜਾਲੇ ਤੇ ਘੋਘਿਆਂ ਵਤ ਆਨ ਦੇਵ ਸੇਵਾ ਪ੍ਯਾਰਨਾ ਤ੍ਯਾਗ ਕੇ ਪੂਰਨ ਬ੍ਰਹਮ ਸਰੂਪ ਸਤਿਗੁਰੂ ਸੁਖ ਸਾਗਰ ਨੂੰ ਸੇਵਨ ਕਰਣ ਲਗ ਪੈਣਗੇ ॥੪੮੬॥


Flag Counter