ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 322


ਗੁਰਮੁਖਿ ਪੰਥ ਗੁਰ ਧਿਆਨ ਸਾਵਧਾਨ ਰਹੇ ਲਹੈ ਨਿਜੁ ਘਰ ਅਰੁ ਸਹਜ ਨਿਵਾਸ ਜੀ ।

ਗੁਰਮੁਖੀ ਮਾਰਗ ਗੁਰਸਿੱਖੀ ਵਿਖੇ ਜੀ ਮਨੁੱਖ ਗੁਰੂ ਮਹਾਰਾਜ ਦੀ ਆਗ੍ਯਾ, ਉਪਦੇਸ਼ ਦੇ ਪਾਲਨ ਪ੍ਰਾਇਣ ਰੂਪ ਧਿਆਨ ਵਾ ਸਾਖ੍ਯਾਤ ਸਤਿਗੁਰਾਂ ਦੇ ਸਰੂਪ ਚਿੰਤਨ ਦੇ ਧਿਆਨ ਮਈ ਤਤ ਪਰਤਾ ਵਿਚ ਸਾਵਧਾਨ (ਤਤਪਰ = ਉਤਸ਼ਾਹਵਾਨ) ਰਹੇ, ਤਾਂ ਨਿਜ ਘਰੁ ਵਾਹਗੁਰੂ ਦੇ ਦੇਸੋਂ ਔਣ ਵਾਲਾ ਹੋਣ ਕਰ ਕੇ ਜੋ ਏਸ ਦਾ ਆਪਣਾ ਘਰ ਹੇ ਓਸ ਨੂੰ ਪ੍ਰਾਪਤ ਹੋ ਜਾਂਦਾ ਹੈ ਅਤੇ ਸਹਜੇ ਹੀ ਉਥੇ ਨਿਵਾਸ ਪਾ ਲੈਂਦਾ ਹੈ। ਭਾਵ ਅਗੇ ਲਈ ਕਿਸੇ ਭਾਂਤ ਦੀ ਰੋਕ ਟੋਕ ਨਹੀਂ ਰਹਿੰਦੀ।

ਸਬਦ ਬਿਬੇਕ ਏਕ ਟੇਕ ਨਿਹਚਲ ਮਤਿ ਮਧੁਰ ਬਚਨ ਗੁਰ ਗਿਆਨ ਕੋ ਪ੍ਰਗਾਸ ਜੀ ।

ਐਸਾ ਹੀ ਸਤਿਗੁਰਾਂ ਦੇ ਸ਼ਬਦ ਦਾ ਵੀਚਾਰ ਨਿਰਣਾ ਭਲੀ ਪ੍ਰਕਾਰ ਸਮਝ ਕੇ ਇਕ ਮਾਤ੍ਰ ਓਸ ਦੀ ਟੇਕ ਧਾਰ ਕੇ ਜਿਸ ਨੇ ਅਪਣੀ ਮਤਿ ਮਨੋ ਬਿਰਤੀਆਂ ਦੀ ਆਧਾਰ ਸ਼ਕਤੀ ਨੂੰ ਅਚੱਲ ਕਰ ਲਿਆ ਹੈ ਭਾਵ ਜੋ ਸ਼ਬਦ ਨੂੰ ਤ੍ਯਾਗ ਕੇ ਇਧਰ ਉਧਰ ਹੋਰ ਦਿਰੇ ਮਨ ਭਟਕਨ ਨਹੀਂ ਦਿੰਦਾ, ਅਤੇ ਮਿਠੀ ਬਾਣੀ ਹੀ ਬੋਲਦਾ ਹੈ, ਓਸ ਦੇ ਜੀ ਆਤਮੇ ਆਪੇ ਅੰਦਰ ਸਾਖ੍ਯਾਤ ਗੁਰੂਆਂ ਵਾਲਾ ਹੀ ਗਿਆਨ ਬ੍ਰਹਮ ਗਿਆਨ ਪ੍ਰਗਟ ਹੋ ਔਂਦਾ ਹੈ।

ਚਰਨ ਕਮਲ ਚਰਨਾਮ੍ਰਿਤ ਨਿਧਾਨ ਪਾਨ ਪ੍ਰੇਮ ਰਸ ਬਸਿ ਭਏ ਬਿਸਮ ਬਿਸ੍ਵਾਸ ਜੀ ।

ਸਤਿਗੁਰਾਂ ਦੇ ਚਰਣ ਕਮਲਾਂ ਦਾ ਚਰਣ ਅੰਮ੍ਰਿਤ ਰੂਪ ਜੋ ਅੰਮ੍ਰਿਤ ਦਾ ਭੰਡਾਰ ਹੈ, ਜਿਸ ਨੇ ਇਸ ਅੰਮ੍ਰਿਤ ਨੂੰ ਪੀਤਾ, ਉਸ ਦੇ ਪ੍ਰੇਮ ਰਸ ਅਨੁਭਵ ਅਧੀਨ ਹੋ ਔਂਦਾ ਹੈ ਭਾਵ ਅਨਭਵੀ ਅਵਸਥਾ ਵਿਖੇ ਹਰ ਸਮੇਂ ਸੁਤੇ ਹੀ ਉਹ ਟਿਕਿਆ ਰਹਿ ਸਕਦਾ ਹੈ ਅਤੇ ਓਸ ਦੇ ਜੀ ਅੰਤਾਕਰਣ ਵਿਖੇ ਬਿਸਮ ਬਿਸ੍ਵਾਸ ਅਨੋਖੀ ਭਾਂਤ ਦਾ ਨਿਸਚਾ ਆਤਮ ਭਰੋਸਾ ਦ੍ਰਿੜ੍ਹ ਹੋ ਔਂਦਾ ਹੈ ਅਰਥਾਤ ਸੰਸੇ, ਸੰਕਲਪ ਵਿਕਲਪ ਆਦਿ ਮੂਲੋਂ ਹੀ ਓਸ ਦੇ ਅੰਦਰੋਂ ਸਦਾ ਲਈ ਮਿਟ ਜਾਂਦੇ ਹਨ।

ਗਿਆਨ ਧਿਆਨ ਪ੍ਰੇਮ ਨੇਮ ਪੂਰਨ ਪ੍ਰਤੀਤ ਚੀਤਿ ਬਨ ਗ੍ਰਿਹ ਸਮਸਰਿ ਮਾਇਆ ਮੈ ਉਦਾਸ ਜੀ ।੩੨੨।

ਉਪਰ ਕਥਨ ਕੀਤੇ ਗਿਆਨ, ਧਿਆਨ ਤਥਾ ਪ੍ਰੇਮ ਦਾ ਨੇਮ ਪੂਰੀ ਪੂਰੀ ਤਰ੍ਹਾਂ ਅਨੰਨ ਭਾਵ ਨਾਲ ਪਾਲਨ ਕਰਦਿਆਂ ਹੋਯਾਂ ਜਿਸ ਦੇ ਚਿੱਤ ਅੰਦਰ ਐਹੋ ਜੇਹੀ ਪੂਰਨ ਪ੍ਰਤੀਤੀ ਪ੍ਰਪੱਕ ਨਿਸਚਾ ਆ ਜਾਵੇ, ਉਹ ਬਨਬਾਸੀ ਸੰਨ੍ਯਾਸੀ ਹੋਵੇ ਤਾਂ, ਘਰ ਵਾਸੀ ਗ੍ਰਹਸਥੀ ਹੋਵੇ ਤਾਂ, ਸਦੀਵ ਕਾਲ ਮਾਯਾ ਵੱਲੋਂ ਜੀਓ ਉਦਾਸ ਹੀ ਰਹਿੰਦਾ ਹੈ ॥੩੨੨॥


Flag Counter