ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 554


ਬੇਦ ਬਿਰੰਚਿ ਬਿਚਾਰੁ ਨ ਪਾਵਤ ਚਕ੍ਰਿਤ ਸੇਖ ਸਿਵਾਦਿ ਭਏ ਹੈ ।

ਬੇਦਾਂ ਨੂੰ ਬਾਰੰਬਾਰ ਵੀਚਾਰ ਕਰ ਕੇ ਭੀ ਬਿਰੰਚਿ ਬ੍ਰਹਮਾ ਨਹੀਂ ਪਾ ਸਕਿਆ ਮਰਮ ਜਿਸ ਦਾ ਅਤੇ ਸ਼ੇਖ ਨਾਗ ਸ਼ਿਵਜੀ ਆਦਿ ਭੀ ਜਿਸ ਨੂੰ ਪੌਣ ਖਾਤਰ ਚਕ੍ਰਿਤ ਹਰਾਨ ਹੋਏ ਪਏ ਹਨ।

ਜੋਗ ਸਮਾਧਿ ਅਰਾਧਤ ਨਾਰਦ ਸਾਰਦ ਸੁਕ੍ਰ ਸਨਾਤ ਨਏ ਹੈ ।

ਨਾਰਦ ਜੀ ਤੇ ਸਾਰਦ ਸ੍ਰਸ੍ਵਤੀ ਤਥਾ ਸ਼ੁਕ੍ਰਾਚਾਰਯ ਅਰੁ ਸਨਾਤ ਸਨਕ ਸਨੰਦਨਾਦਿ ਜੋਗ ਸਮਾਧੀਆਂ ਦ੍ਵਾਰੇ ਅਰਾਧਦ ਜਿਸ ਦੇ ਅਗੇ ਨਏ ਹੈ ਨਮਸਕਾਰਾਂ ਕਰਦੇ ਰਹਿੰਦੇ ਹਨ, ਹਾਰੇ ਪਏ ਹਨ।

ਆਦਿ ਅਨਾਦਿ ਅਗਾਦਿ ਅਗੋਚਰ ਨਾਮ ਨਿਰੰਜਨ ਜਾਪ ਜਏ ਹੈ ।

ਜੋ ਸਭ ਦਾ ਆਦਿ ਅਰਥਾਤ ਜਿਸ ਤੋਂ ਸਭ ਦੀ ਉਤਪੱਤੀ ਹੁੰਦੀ ਹੈ ਤੇ ਜਿਸ ਦੀ ਆਦਿ ਮੂਲ ਕਾਰਣ ਕੋਈ ਨਹੀਂ ਅਰ ਜਿਸ ਦਾ ਮਰਮ ਗਾਹਿਆ ਸਮਝਿਆ ਬੁੱਝਿਆ ਨਹੀਂ ਜਾ ਸਕਦਾ ਤਥਾ ਮਨ ਬੁੱਧੀ ਆਦਿ ਦੇ ਗੋਚਰ ਵਿਖਯ ਨਾ ਹੋ ਸਕਨ ਵਾਲਾ ਜੋ ਨਿਰ ਵਿਖਯ ਸਰੂਪ ਹੈ, ਤੇ ਜਿਸ ਨਿਰੰਜਨ ਅਮਾਯਕ ਸ੍ਵਰੂਪ ਦੇ ਨਾਮ ਦਾ ਸਭ ਜਾਪ ਜਪਦੇ ਰਹਿੰਦੇ ਹਨ।

ਸ੍ਰੀ ਗੁਰਦੇਵ ਸੁਮੇਵ ਸੁਸੰਗਤਿ ਪੈਰੀ ਪਏ ਭਾਈ ਪੈਰੀ ਪਏ ਹੈ ।੫੫੪।

ਓਹੀ ਅਗਮ ਅਗਾਧ ਨਿਰੰਜਨ ਸਰੂਪ ਅਕਾਲ ਪੁਰਖ ਸ੍ਰੀ ਗੁਰੂ ਦੇਵ ਸਰੂਪ ਹੋ ਕੇ ਅਪਣੀ ਸਿੱਖ ਸੰਗਤਿ ਵਿਚ ਇਕ ਰਸ ਰਮਿਆ ਹੋਯਾ ਪ੍ਰੀਪੂਰਣ ਹੈ ਸੋ ਇਸ ਪ੍ਰਕਾਰ ਰਬ ਸਰੂਪੀ ਗੁਰੂ ਮਹਾਰਾਜ ਨੂੰ ਸਾਧਸੰਗਤ ਵਿਖੇ ਜ੍ਯੋਂ ਕਾ ਤ੍ਯੋਂ ਦਰਸਦਾ ਹੋਯਾ ਸਭ ਭ੍ਰਾਵਾਂ ਦੇ ਚਰਣੀਂ ਬਾਰੰਬਾਰ ਨਮਸਕਾਰ ਕਰਦਾ ਹਾਂ ॥੫੫੬॥


Flag Counter