ਸਰਵਣ ਪੁਤ੍ਰ ਨੇ ਆਪਣੇ ਅੰਧਲੇ ਅੰਧਲੀ ਮਾਤਾ ਪਿਤਾ ਦੀ ਸੇਵਾ ਬਿਸੇਖ ਬਹੁਤ ਹੀ ਕੀਤੀ ਸੀ ਤੇ ਤਾਂ ਤੇ ਤਿਸ ਸੇਵਾ ਕਰ ਕੇ ਹੀ ਓਸ ਦਾ ਜਸੁ ਜਗਤ ਭਰ ਵਿਖੇ ਗਾਇਆ ਉਚਾਰਿਆ ਜਾ ਰਿਹਾ ਹੈ।
ਪਰ ਪ੍ਰਹਿਲਾਦ ਭਗਤ ਨੇ ਓਸ ਤੋਂ ਉਲਟ ਆਦਿ ਤੋਂ ਲੈ ਕੇ ਅੰਤ ਪ੍ਰਯੰਤ ਸੁਰਤ ਸੰਭਾਲਨ ਸਮੇਂ ਤੋਂ ਲੈ ਓੜਕ ਪ੍ਰਜੰਤ ਪਿਤਾ ਦੀ ਅਵਗ੍ਯਾ ਹੀ ਅਵਗ੍ਯਾ ਕੀਤੀ ਜਿਸ ਅਵਗ੍ਯਾ ਤੋਂ ਹੀ ਭਗਵਾਨ ਨੇ ਰੀਝ ਕੇ ਓਸ ਦੇ ਤਾਤ ਪਿਤਾ ਹਰਣਾਖਸ਼ ਨੂੰ ਮਾਰ ਕੇ ਓਸ ਦੇ ਪ੍ਰਾਣਾਂ ਦੀ ਰਖਯਾ ਕੀਤੀ ਜਾਨ ਬਚਾਈ।
ਏਕੂੰ ਹੀ ਦੇਖੋ ਸੁਕਦੇਵ ਜੀ ਨੇ ਬਾਰਾਂ ਵਰ੍ਹੇ ਮਾਂ ਦੇ ਪੇਟ ਵਿਚ ਹੀ ਰਹਿਣ ਕਰ ਕੇ ਮਾਂ ਨੂੰ ਦੁਖੀ ਆਤੁਰ ਕਰ ਰਖਿਆ ਸੀ; ਪਰ ਭਗਵਨ ਦੀ ਇਸੇ ਵਿਚ ਹੀ ਕਿਰਪਾ ਹੋ ਗਈ ਕਿ ਉਸ ਨੂੰ ਜਨਮ ਲੈਂਦੇ ਸਾਰ ਤਤਕਾਲ ਝੱਟ ਹੀ ਸਿੱਧ ਹੀ ਬਣਾ ਦਿੱਤਾ ਗਿਆ; ਇਥੋਂ ਤਕ ਕਿ ਓਸ ਛਿਣ ਵਿਚ ਜਿਸ ਕਿਸੇ ਦਾ ਜਨਮ ਹੋਇਆ; ਉਹ ਭੀ ਸਿੱਧ ਬਣ ਗਿਆ।
ਤਾਂ ਤੇ ਭਗਵਾਨ ਦੀ ਗਤੀ ਐਸੀ ਅਸਚਰਜ ਹੈ ਕਿ ਕੁਛ ਨਹੀਂ ਓਸ ਬਾਬਤ ਜਾਣਿਆ ਬੁਝਿਆ ਜਾ ਸਕਦਾ ਓਸ ਦੀ ਕਹਾਣੀ ਹੀ ਅਕੱਥ ਹੈ; ਓਥੇ ਆਨ ਕਾਹੂ ਕੋ ਹੋਰ ਕਿਸੇ ਦਾ ਗਿਆਨ ਸਮਝ ਬੂਝ ਵਾ ਸ੍ਯਾਣਪ ਤਥਾ ਉਨਮਾਨ ਉਕਤ ਜੁਕਤ ਵਾ ਅਟਕਲ ਦਲੀਲ ਬਾਜੀ ਨਹੀਂ ਪਹੁੰਚ ਸਕਦੀ। ਭਾਵ ਭਗਵਾਨ ਦੇ ਘਰ ਬੇਪ੍ਰਵਾਹੀਆਂ ਦੇ ਲੇਖੇ ਹਨ ॥੪੩੬॥