ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 267


ਰਵਿ ਸਸਿ ਦਰਸ ਕਮਲ ਕੁਮੁਦਨੀ ਹਿਤ ਭ੍ਰਮਤ ਭ੍ਰਮਤ ਮਨੁ ਸੰਜੋਗੀ ਬਿਓਗੀ ਹੈ ।

ਓਨਾਂ ਸੂਰਜ ਅਰੁ ਚੰਦ੍ਰਮਾ ਦੇ ਉਦੇ ਅਸਤ ਭਾਵੀ ਸੰਜੋਗੀ ਵਿਜੋਗੀ ਮਿਲ ਵਿਛੜਨ ਵਾਲੇ ਸੁਭਾਵਵਾਨ ਦਰਸ਼ਨ ਕਾਰਣ ਕੌਲ ਅਤੇ ਕੰਮੀਆਂ ਦੇ ਭੀ ਖਿੜੌਨ ਮਿਟੌਨ ਕਰ ਕੇ ਜੀਕੂੰ ਓਨਾਂ ਦ੍ਵਾਰੇ ਭੌਰੇ ਦਾ ਮਨ ਭਰਮਦਾ ਭਟਕਦਾ ਦਖੀ ਹੁੰਦਾ ਰਹਿੰਦਾ ਹੈ, ਤੀਕੂੰ ਹੀ ਮੂਰਤੀ ਆਦਿ ਦੇ ਸਹਾਰੇ ਭੀ ਇਕ ਰਸ ਨਾ ਰਹਿਣ ਵਾਲੇ ਹੋਣ ਕਾਰਣ, ਧਿਆਨੀ ਪੁਰਖ ਦੀ ਭਰਮ ਭਟਕਨਾ ਨੂੰ ਨਹੀਂ ਨਿਵਿਰਤ ਕਰ ਸਕਦੇ।

ਤ੍ਰਿਗੁਨ ਅਤੀਤ ਗੁਰੁ ਚਰਨ ਕਮਲ ਰਸ ਮਧੁ ਮਕਰੰਦ ਰੋਗ ਰਹਤ ਅਰੋਗੀ ਹੈ ।

ਪ੍ਰੰਤੂ ਸਤਿਗੁਰਾਂ ਦੇ ਚਰਣ ਕਮਲਾਂ ਦਾ ਮਕਰੰਦ ਰਸ ਰੂਪ ਮਧੁ ਅੰਮ੍ਰਿਤ ਤਿੰਨਾਂ ਗੁਣਾਂ ਦੇ ਰਾਜਸੀ ਤਾਮਸੀ ਸਾਤਕੀ ਪ੍ਰਭਾਵ ਤੋਂ ਰਹਿਤ ਹੋਣ ਕਰ ਕੇ, ਨਾਸ ਖ੍ਯੀਣ ਹੋਣ ਯਾ ਵਧਨ ਘਟਨ ਰੂਪ ਰੋਗ ਵਿਕਾਰ ਤੋਂ ਰਹਿਤ ਅਰੋਗੀ ਹੈ ਅਰਥਾਤ ਇਕ ਰਸ ਨਿਰ ਵਿਕਾਰ ਹੈ।

ਨਿਹਚਲ ਮਕਰੰਦ ਸੁਖ ਸੰਪਟ ਸਹਜ ਧੁਨਿ ਸਬਦ ਅਨਾਹਦ ਕੈ ਲੋਗ ਮੈ ਅਲੋਗੀ ਹੈ ।

ਜਿਸ ਕਰ ਕੇ ਨਾ ਚਲਾਯਮਾਨ ਹੋਣ ਵਾਲੀ ਅਬਿਨਾਸੀ ਮਕਰੰਦ ਧੂਲੀ ਰਸ ਦੇ ਸੁਖ ਵਿਖੇ ਸੰਪੁਟਿਤ ਸੰਲਗਨ ਮਗਨ ਗੁਰਮੁਖ ਦਾ ਮਨ ਅਨਹਦ ਸ਼ਬਦ ਦੀ ਸਹਿਜ ਧੁਨੀ ਵਿਖੇ ਲਿਵਲੀਨ ਹੋਇਆ ਹੋਇਆ ਲੋਕ ਸੰਸਾਰ ਵਿਚ ਵੱਸਦਾ ਭੀ, ਅਲੋਗੀ, ਅਸੰਸਾਰੀ ਭਾਵ ਜੀਵਨ ਮੁਕਤ ਹੋਯਾ ਵਿਚਰਦਾ ਹੈ।

ਗੁਰਮੁਖਿ ਸੁਖਫਲ ਮਹਿਮਾ ਅਗਾਧਿ ਬੋਧ ਜੋਗ ਭੋਗ ਅਲਖ ਨਿਰੰਜਨ ਪ੍ਰਜੋਗੀ ਹੈ ।੨੬੭।

ਏਸੇ ਵਾਸਤੇ ਹੀ ਗੁਰਮੁਖ ਦੇ ਸੁਖਫਲ ਦੀ ਮਹਿਮਾ ਦਾ ਬੋਧ ਅਗਾਧ ਊਪ ਹੈ, ਤੇ ਉਹ ਜੁੜੀ ਹੋਈ ਜੋਗ ਭਾਵੀ ਦਸ਼ਾ ਵਿਚ ਅਥਵਾ ਭੋਗ ਸੰਸਾਰੀ ਪ੍ਰਵਿਰਤੀ ਰੂਪ ਅਵਸਥਾ ਵਿਖੇ, ਅਲਖ ਨਿਰੰਜਨ ਸ੍ਵਰੂਪ ਵਿਖੇ ਹੀ ਪਰ ਵਿਸ਼ੇਸ਼ ਕਰ ਕੇ ਜੋਗੀ ਜੁੜਿਆ ਰਹਿਣ ਵਾਲਾ ਮੰਨਿਆ ਗਿਆ ਹੈ ॥੨੬੭॥


Flag Counter