ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 291


ਸਬਦ ਸੁਰਤਿ ਲਿਵਲੀਨ ਜਲ ਮੀਨ ਗਤਿ ਸੁਖਮਨਾ ਸੰਗਮ ਹੁਇ ਉਲਟਿ ਪਵਨ ਕੈ ।

ਜਿਸ ਤਰ੍ਹਾਂ ਜਲ ਅੰਦਰ ਮੱਛਲੀ ਉਲਟੀ ਪ੍ਰਵਾਹ ਵਿਰੁਧ ਗਤੀ ਵਾਲੀ ਚਾਲ ਦੇ ਚਲਨੇ ਵਿਖੇ ਲੀਨ ਜੁੱਟੀ ਹੋਈ ਮਗਨ ਰਹਿੰਦੀ ਹੈ, ਇਸੇ ਤਰ੍ਹਾਂ ਗੁਰਮੁਖ ਪਵਨ ਨੂੰ ਉਲਟਾ ਕੇ ਪ੍ਰਾਣ ਨੂੰ ਅਪਾਨ ਦੇ ਘਰ ਅਤੇ ਅਪਾਨ ਵਾਯੂ ਨੂੰ ਪ੍ਰਾਣ ਦੇ ਘਰ ਲਿਔਣ ਦੀ ਸਾਧਨਾ ਕਰਦਿਆਂ ਅਰਥਾਤ ਸੂਰਜ ਸੁਰ ਚੰਦ੍ਰ ਸੁਰ ਵਿਖੇ ਤੇ ਚੰਦ੍ਰ ਸੁਰ ਸੂਰਜ ਸੁਰ ਵਿਖੇ ਪਰਤਕੇ ਜਿਸ ਟਿਕਾਣੇ ਸੂਰਜ ਚੰਦ੍ਰ ਸੁਰਾਂ ਸੁਖਮਣਾਂ ਦੇ ਘਾਟ ਉਪਰ ਸੰਗਮ ਪਾਂਦੀਆਂ ਹਨ ਉਥੇ ਸ਼ਬਦ ਵਿਖੇ ਸੁਰਤਿ ਦੀ ਲਿਵ ਲਗਾ ਕੇ ਲੀਨ ਮਗਨ ਹੋਯਾ ਰਹਿੰਦਾ ਹੈ।

ਬਿਸਮ ਬਿਸ੍ਵਾਸ ਬਿਖੈ ਅਨਭੈ ਅਭਿਆਸ ਰਸ ਪ੍ਰੇਮ ਮਧੁ ਅਪੀਉ ਪੀਐ ਗੁਹਜੁ ਗਵਨ ਕੈ ।

ਇਸ ਪ੍ਰਕਾਰ ਗੁਰੂ ਉਪਦਿਸ਼ਟ ਰੀਤੀ ਅਨੁਸਾਰ ਗੁਪਤ ਚਾਲ ਚਲਨ ਦੇ ਅਭਿਆਸ ਵਿਖੇ ਤਤਪਰ ਹੋਇਆ ਹੋਇਆ ਪ੍ਰੇਮ ਅੰਮ੍ਰਿਤ ਦੇ ਰਸ = ਸ੍ਵਾਦ ਨੂੰ ਅਪਿਉ ਭਾਵ ਵਿਖੇ ਪੀਂਦਾ ਹੈ, ਤਾਂ ਏਸ ਨੂੰ ਅਨਭਉ ਪਦ ਸਰਬ ਅੰਤ੍ਰੀਵੀ ਤਥਾ ਬਾਹਰਲੀ ਦਸ਼ਾ ਦੇ ਅਨਭਈਏ ਆਤਮ ਪਦ ਵਿਖੇ ਹਰਾਨ ਕਰ ਦੇਣ ਵਾਲਾ ਨਿਸਚਾ ਦ੍ਰਿੜ੍ਹ ਨਿਸਚਾ ਉਤਪੰਨ ਹੋ ਆਯਾ ਕਰਦਾ ਹੈ।

ਸਬਦ ਕੈ ਅਨਹਦ ਸੁਰਤਿ ਕੈ ਉਨਮਨੀ ਪ੍ਰੇਮ ਕੈ ਨਿਝਰ ਧਾਰ ਸਹਜ ਰਵਨ ਕੈ ।

ਤਾਤਪ੍ਰਯ ਕੀਹ ਕਿ ਗੁਰਮੁਖ ਸ਼ਬਦ ਅਭਿਆਸ ਨੂੰ ਕਰਦਾ ਸਾਧਦਾ ਹੋਇਆ ਅਨਹਦ ਦੀ ਸੋਝੀ ਨੂੰ ਪ੍ਰਾਪਤ ਹੁੰਦਾ ਹੈ ਤੇ ਫੇਰ ਇਸ ਕਰ ਕੇ ਉਪ੍ਰੰਤ ਉਨਮਨੀ ਭਾਵ ਵਿਖੇ ਪ੍ਰੇਮ ਲਗਦਾ ਪਰਚਾ ਪ੍ਰਾਪਤ ਹੁੰਦਾ ਹੈ ਅਰੁ ਮੁੜ ਏਸ ਪਰਚੇ ਕਾਰਣ ਨਿਝਰ ਨਿਰੰਤ੍ਰ ਝੜਦੀ ਰਹਿਣ ਹਾਰੀ ਅਗੰਮੀ ਅੰਮ੍ਰਿਤ ਦੀ ਧਾਰ ਦ੍ਵਾਰੇ ਸਹਜ ਸੁੰਨ੍ਯ ਘਾਟ ਨਿਰਸੰਕਲਪਤਾ ਦੇ ਘਰ ਆਨੰਦ ਮਾਣਿਆ ਕਰਦਾ ਹੈ।

ਤ੍ਰਿਕੁਟੀ ਉਲੰਘਿ ਸੁਖ ਸਾਗਰ ਸੰਜੋਗ ਭੋਗ ਦਸਮ ਸਥਲ ਨਿਹਕੇਵਲੁ ਭਵਨ ਕੈ ।੨੯੧।

ਇਸ ਭਾਂਤ ਸਹਿਜ ਸੁੰਨ ਦੇ ਘਾਟ ਨੂੰ ਉਲੰਘ ਕੇ ਅਭਿਆਸ ਦੇ ਬਲ ਨਾਲ ਤਿੰਨਾਂ ਮਹਾਂਲ ਦੇਤਿਆਂ ਦੇ ਓਨਾਂ ਦੀਆਂ ਸ਼ਕਤੀਆਂ ਦੇ ਅਸਥਾਨ ਤ੍ਰਿਕੁਟੀ ਵਿਖੇ ਇਸਥਿਤੀ ਨੂੰ ਪ੍ਰਾਪਤ ਹੁੰਦਾ ਹੈ ਤੇ ਓਸ ਨੂੰ ਭੀ ਟੱਪ ਕੇ ਫੇਰ ਦਸਮ ਦ੍ਵਾਰ ਜੋ ਨਿਹਕੇਵਲ ਨਿਰਵਿਕਲਪਤਾਈ ਦਾ ਮੰਦਰ ਭਾਵ, ਕੈਵਲ੍ਯ ਮੁਕਤੀ ਪ੍ਰਾਪਤੀ ਦੀ ਠੌਰ ਹੈ। ਓਸ ਵਿਖੇ ਸੁਖਾਂ ਦੇ ਸਮੁੰਦਰ ਪਰਮਾਤਮਾ ਪਾਰਬ੍ਰਹਮ ਦੇ ਸੰਜੋਗ = ਮਿਲਾਪ ਦੇ ਆਨੰਦ ਨੂੰ ਭੋਗ ਕੈ ਮਾਣਿਆ ਕਰਦਾ ਹੈ ॥੨੯੧॥


Flag Counter