ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 235


ਜੈਸੇ ਮਨੁ ਧਾਵੈ ਪਰ ਤਨ ਧਨ ਦੂਖਨਾ ਲਉ ਸ੍ਰੀ ਗੁਰ ਸਰਨਿ ਸਾਧਸੰਗ ਲਉ ਨ ਆਵਈ ।

ਜਿਸ ਤਰ੍ਹਾਂ ਨਾਲ ਮਨ ਦੌੜਦਾ ਹੈ ਪਰ ਤ੍ਰਿਯਾ ਪਰ ਧਨ ਤਥਾ ਪਰਾਏ ਔਗੁਣਾਂ ਦੇ ਤੱਕਨ ਵੱਲ ਓਸ ਤਰਾਂ ਦੀ ਖਿੱਚ ਨਾਲ ਗੁਰੂ ਮਹਾਰਾਜ ਦੀ ਸਰਣ ਵਾ ਸਾਧ ਸੰਗਤ ਵੱਲ ਨਹੀਂ ਦੌੜ੍ਯਾ ਔਂਦਾ।

ਜੈਸੇ ਮਨੁ ਪਰਾਧੀਨ ਹੀਨ ਦੀਨਤਾ ਮੈ ਸਾਧਸੰਗ ਸਤਿਗੁਰ ਸੇਵਾ ਨ ਲਗਾਵਈ ।

ਜਿਸ ਤਰ੍ਹਾਂ ਨਾਲ ਮਨ ਲਗਦਾ ਹੈ ਪਰਾਈ ਅਧੀਨਗੀ ਦੂਸਰੇ ਦੀ ਤਾਬਿਆਦਾਰੀ ਸੇਵਾ ਅਰੁ ਹਾਨਤ ਵਾਲੀ ਕਮੀਨੀ ਕਾਰ ਵਿਚ ਤਥਾ ਦੀਨਤਾ ਖੁਸ਼ਾਮਦ ਕਰਨ ਯਾ ਲੋਕਾਂ ਦੀਆਂ ਬੁੱਤੀਆਂ ਕਢਨ ਵਿਖੇ। ਓਹੋ ਜੇਹਾ ਇਹ ਸਾਧ ਸੰਗਤ ਵਾ ਸਤਿਗੁਰਾਂ ਦੀ ਸੇਵਾ ਟਹਿਲ ਵਿਖੇ ਨਹੀਂ ਅਪਣੇ ਆਪ ਨੂੰ ਲਗੌਂਦਾ।

ਜੈਸੇ ਮਨੁ ਕਿਰਤਿ ਬਿਰਤਿ ਮੈ ਮਗਨੁ ਹੋਇ ਸਾਧਸੰਗ ਕੀਰਤਨ ਮੈ ਨ ਠਹਿਰਾਵਈ ।

ਜਿਸ ਭਾਂਤ ਮਨ ਬਿਰਤਿ ਅਪਜੀਵਕਾ ਪਾਲਣ ਪੋਸਨ ਜਿੰਦਗੀ ਬਿਤੀਤ ਕਰਨ ਵਾਲੀ ਕਿਰਤ ਕਮਾਈ ਵਿਚ ਮਗਨ ਹੁੰਦਾ ਭਿਜਦਾ ਰੁਝਦਾ ਹੈ। ਸਾਧ ਸੰਗਤਿ ਅੰਦਰ ਵਾਹਿਗੁਰੂ ਦੇ ਭਜਨ ਕੀਰਤਨ ਕਰਨ ਵਿਚ ਉਸ ਭਾਂਤ ਨਹੀਂ ਟਿਕਿਆ ਕਰਦਾ।

ਕੂਕਰ ਜਿਉ ਚਉਚ ਕਾਢਿ ਚਾਕੀ ਚਾਟਿਬੇ ਕਉ ਜਾਇ ਜਾ ਕੇ ਮੀਠੀ ਲਾਗੀ ਦੇਖੈ ਤਾਹੀ ਪਾਛੈ ਧਾਵਈ ।੨੩੫।

ਸੱਚ ਮੁੱਚ ਜੀਕੂ ਕੁੱਤਾ ਲੱਬ ਮਾਰਿਆ ਬੂਥੀ ਕੱਢੀ ਚੱਕੀ ਚੱਟਨ ਵਾਸਤੇ ਦੌੜਿਆ ਜਾਂਦਾ ਹੈ, ਤੀਕੂੰ ਹੀ ਇਹ ਭੀ ਲਾਲਚ ਦਾ ਮਾਰਿਆ ਜਿਸ ਦੇ ਪਾਸ ਮੀਠੀ ਮਾਯਾ ਲਾਗੀ ਦੇਖੇ ਦੇਖਣ ਲਗਦਾ ਦੇਖ ਪੌਂਦਾ ਹੈ ਓਸੇ ਦੇ ਪਿਛੇ ਹੀ ਦੌੜ ਤੁਰਦਾ ਹੈ ॥੨੩੫॥


Flag Counter