ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 396


ਤੀਰਥ ਪੁਰਬ ਦੇਵ ਜਾਤ੍ਰਾ ਜਾਤ ਹੈ ਜਗਤੁ ਪੁਰਬ ਤੀਰਥ ਸੁਰ ਕੋਟਨਿ ਕੋਟਾਨਿ ਕੈ ।

ਤੀਰਥਾਂ ਦਿਆਂ ਪੁਰਬਾਂ ਉਪਰ ਵਾ ਦੇਵਮੰਦ੍ਰਾਂ ਦੀ ਜਾਤ੍ਰਾ ਖਾਤਰ ਮਾਨੋਂ ਜਗਤ ਭਰ ਹੀ ਜਾਂਦਾ ਹੈ ਉਹ ਤੀਰਥ ਜਿਨਾਂ ਪਿਛੇ ਸਾਰਾ ਜਗਤ ਭਟਕਦਾ ਹੈ ਸਾਰੇ ਦੇ ਹੀ ਸਾਰੇ ਤੀਰਥ ਪੁਰਬ ਤਥਾ ਉਕਤ ਮੰਦ੍ਰਾਂ ਦੇ ਅਧਿਸ਼ਟਾਤਾ ਸਾਖ੍ਯਾਤ ਦੇਵਤਾ ਲੋਗ ਕ੍ਰੋੜਾਂ ਕੋਟੀਆਂ ਹੋ ਕੇ ਅਰਥਾਤ ਕ੍ਰੋੜੇ ਕ੍ਰੋੜ ਰਲ ਮਿਲ ਕੇ ਤਥਾ:

ਮੁਕਤਿ ਬੈਕੁੰਠ ਜੋਗ ਜੁਗਤਿ ਬਿਬਿਧ ਫਲ ਬਾਂਛਤ ਹੈ ਸਾਧ ਰਜ ਕੋਟਿ ਗਿਆਨ ਧਿਆਨ ਕੈ ।

ਸਰੂਪ ਸਾਯੁਜ; ਸਾਲੋਕ੍ਯ; ਸਾਮੀਪ੍ਯ; ਇਹ ਚਾਰੋਂ; ਮੁਕਤੀਆਂ; ਸ਼ਿਵ ਲੋਕ; ਬ੍ਰਹਮ ਲੋਕ ਵਿਸ਼ਨੂੰ ਰੂਪ ਬੈਕੁੰਠ ਹਠ, ਮੰਤ੍ਰ ਲਯ ਤਥਾ ਰਾਜ ਯੋਗ ਦੇ ਸਾਧਨ ਦੀਆਂ ਜੁਗਤੀਆਂ ਅਨੇਕ ਪ੍ਰਕਾਰ ਦੇ ਮਤ ਮਤਾਂਤਰਾਂ ਅਨੁਸਾਰੀ ਨ੍ਯਾਰੇ ਨ੍ਯਾਰੇ ਢੰਗਾਂ ਨਾਲ ਨਿਰੂਪੇ ਗਏ ਧਰਮ ਅਰਥ ਕਾਮ ਅਰ ਮੋਖ ਰੂਪ ਫਲ ਐਸਾ ਹੀ ਖਟ ਦਰਸ਼ਨਾਂ ਸਬੰਧੀ ਦਾਰਸ਼ਨਿਕ ਗ੍ਯਾਨ ਵਾ ਲੌਕਿਕ ਬੇਦਿਕ ਗ੍ਯਾਨ ਤਥਾ ਧ੍ਯਾਨ ਇਹ ਭੀ ਸਾਰੇ ਦੇ ਸਾਰੇ ਹੀ ਕ੍ਰੋੜਾਂ ਰੂਪਾਂ ਵਿਚ ਹੋ ਕੇ ਜਿਨਾਂ ਸਾਧੂ ਪੂਰਖਾਂ ਦੇ ਚਰਣਾਂ ਦੀ ਧੂਲੀ ਨੂੰ ਬਾਂਛਦੇ ਚੌਂਹਦੇ ਰਹਿੰਦੇ ਹਨ।

ਅਗਮ ਅਗਾਧਿ ਸਾਧਸੰਗਤਿ ਅਸੰਖ ਸਿਖ ਸ੍ਰੀ ਗੁਰ ਬਚਨ ਮਿਲੇ ਰਾਮ ਰਸ ਆਨਿ ਕੈ ।

ਉਹ ਐਸੇ ਅਗਮ ਅਗਾਧ ਅਤ੍ਯੰਤ ਗੰਭੀਰ ਆਸ਼੍ਯ ਵਾਲੇ ਸਾਧੂ ਅਸੰਖਾਂ ਹੀ ਸਿੱਖ ਗੁਰੂ ਕੀ ਸੰਗਤ ਵਿਚ ਮੌਜੂਦ ਰਹਿੰਦੇ ਹਨ ਤਾਂ ਤੇ ਜਿਹੜਾ ਕੋਈ ਆਣ ਕੇ ਇਸ ਸੰਗਤ ਵਿਚ ਮਿਲ ਪਵੇ, ਗੁਰੂ ਮਹਾਰਾਜ ਦੇ ਬਚਨ = ਉਪਦੇਸ਼ ਦ੍ਵਾਰੇ ਓਸ ਨੂੰ ਰਾਮ ਪਰਮਾਤਮ ਦੇਵ ਦਾ ਪ੍ਰੇਮ ਪ੍ਰਾਪਤ ਹੋ ਆਯਾ ਕਰਦਾ ਹੈ।

ਸਹਜ ਸਮਾਧਿ ਅਪਰੰਪਰ ਪੁਰਖ ਲਿਵ ਪੂਰਨ ਬ੍ਰਹਮ ਸਤਿਗੁਰ ਸਾਵਧਾਨ ਕੈ ।੩੯੬।

ਅਤੇ ਨਾਲ ਹੀ ਅਪਰੰਪਰ ਪੁਰਖ ਪੂਰਨ ਬ੍ਰਹਮ ਸਰੂਪ ਸਤਿਗੁਰੂ ਦੇ ਸਰੂਪ ਵਿਖੇ ਲਿਵ ਇਕਤਾਰ ਸਾਵਧਾਨਤਾ ਦਾ ਅਭ੍ਯਾਸ ਸਾਧਨ ਕਰ ਕੇ ਸਹਜ ਸਮਾਧੀ ਸਹਜ ਸਰੂਪ ਵਿਖੇ ਇਸਥਿਤੀ ਵਾਲਾ ਬਣ ਜਾਯਾ ਕਰਦਾ ਹੈ ॥੩੯੬॥


Flag Counter