ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 145


ਸਬਦ ਕੀ ਸੁਰਤਿ ਅਸਫੁਰਤਿ ਹੁਇ ਤੁਰਤ ਹੀ ਜੁਰਤਿ ਹੈ ਸਾਧਸੰਗ ਮੁਰਤ ਨਾਹੀ ।

ਜਿਹੜਾ ਪੁਰਖ ਜੁੜਦਾ ਮਿਲਦਾ ਹੈ ਆਣ ਕੇ ਸਤਿਸੰਗਤ ਵਿਖੇ ਤੁਰਤ ਸ਼ੀਘਰ ਬਿਨਾਂ ਚਿਰ ਦੇ ਹੀ ਓਸ ਨੂੰ ਸ਼ਬਦ ਦੀ ਸੁਰਤਿ ਸੂਝ ਅਥਵਾ ਲਗਨ ਅਸਫੁਰਤਿ ਅਸ ਇਸੇ ਪ੍ਰਕਾਰ ਹੀ ਤਤਕਾਲ ਫੁਰਤਿ ਫੁਰ ਪਿਆ ਕਰਦੀ ਹੈ, ਭਾਵ ਸ਼ਬਦ ਦੇ ਅਭ੍ਯਾਸ ਵਿਖੇ ਓਸ ਗੁਰਮੁਖ ਦੀ ਸੁਰਤ ਦਾ ਪ੍ਰਵਾਹ ਝੱਟ ਹੀ ਤੁਰ ਪਿਆ ਕਰਦਾ ਹੈ। ਜਿਹੜਾ ਕਿ ਫੇਰ ਓਸ ਪਾਸਿਓਂ ਮੁੜ ਨਹੀਂ ਸਕਿਆ ਕਰਦਾ।

ਪ੍ਰੇਮ ਪਰਤੀਤਿ ਕੀ ਰੀਤਿ ਹਿਤ ਚੀਤ ਕਰਿ ਜੀਤਿ ਮਨ ਜਗਤ ਮਨ ਦੁਰਤ ਨਾਹੀ ।

ਪ੍ਰੇਮ ਪਰਤੀਤ ਕੀ ਰੀਤਿ ਹਿਤ ਚੀਤ ਕਰਿ ਸਤਿਗੁਰਾਂ ਦੇ ਬਚਨ ਉਪਦੇਸ਼ ਉਪਰ ਪਰਤੀਤੀ ਵਿਸ਼੍ਵਾਸ ਭਰੋਸਾ ਨਿਸਚਾ ਧਾਰ ਕੇ ਅਥਵਾ ਉਸ ਦੀ ਸਚ੍ਯਾਈ ਦਾ ਆਦਰ ਕਰਦਿਆਂ ਹਇਆਂ ਓਸ ਬਚਨ ਨਾਲ ਵਾ ਸਤਿਗੁਰਾਂ ਨਾਲ ਪ੍ਰੇਮ ਪ੍ਯਾਰ ਪ੍ਰੀਤ ਦੀ ਰੀਤ ਚਾਲ ਢੰਗ ਮ੍ਰਯਾਦਾ ਦੇ ਪਾਲਨ ਵਿਖੇ ਚਿੱਤ ਕਰ ਕੇ ਹਿਤ ਕਰਦਿਆਂ। ਜੀਤ ਮਨ ਜਗਤ ਜਿੱਤ ਕੇ ਮਨ ਨੂੰ ਉਹ ਜਗਤ ਨੂੰ ਹੀ ਜਿੱਤ ਲੈਂਦਾ ਹੈ ਅਰਥਾਤ ਸੰਸਾਰ ਭਰ ਦੇ ਪਦਾਰਥ ਓਸ ਦੇ ਚਿੱਤ ਨੂੰ ਹੁਣ ਕਾਬੂ ਕਰਣੋਂ ਵਾ ਆਪਣੀ ਵੱਲ ਖਿਚਨੋਂ ਅਸਮਰਥ ਹੋ ਜਾਂਦੇ ਹਨ। ਅਰੁ ਏਸੇ ਕਰ ਕੇ ਹੀ ਮਨ ਦੁਰਤ ਨਾਹੀ ਮਨ ਵਿਚ ਪਾਪ ਨਹੀਂ ਰਹਿੰਦਾ ਅਥਵਾ ਓਸ ਦੇ ਮਨ ਨੂੰ ਹੁਣ ਓਹਲੇ ਛਪਾਉ ਨਹੀਂ ਕਰਨੇ ਪਿਆ ਕਰਦੇ, ਵਾ ਲੋਕਾਂ ਯਾ ਪਦਾਰਥਾਂ ਤੋਂ ਡਰਦਾ ਹੋਯਾ ਉਹ ਲੁਕ ਲੁਕਕੇ ਨਹੀਂ ਬੈਠਿਆ ਕਰਦਾ।

ਕਾਮ ਨਿਹਕਾਮ ਨਿਹਕਰਮ ਹੁਇ ਕਰਮ ਕਰਿ ਆਸਾ ਨਿਰਾਸ ਹੁਇ ਝਰਤ ਨਾਹੀ ।

ਕਾਮ ਨਿਹਕਾਮ ਨਿਹਕਰਮ ਹੁਇ ਕਰਮ ਕਰਿ ਕਾਮਨਾ ਸੰਕਲਪ ਬਾਸਨਾ ਚਾਹਨਾ ਦੇ ਅਧੀਨ ਵਰਤਦਿਆਂ ਹੋਯਾਂ ਭੀ ਉਹ ਨਿਹਕਾਮ ਨਿਹਸੰਕਲਪ, ਨਿਰਬਾਸ ਅਥਵਾ ਅਚਾਹ ਰਹਿੰਦਾ ਹੀ ਵਰਤ੍ਯਾ ਕਰਦਾ ਹੈ ਅਰੁ ਕਰਮ ਸਮੂਹ ਕਾਰਯਾਂ ਨੂੰ ਕਰਦਾ ਹੋਇਆਂ ਕਾਰਾਂ ਵਿਹਾਰਾਂ ਵਿਖੇ ਉਹ ਨਿਹਕਰਮ ਨਿਸ਼ਕਰਮ ਅਕ੍ਰੇ ਭਾਵ ਵਿਖੇ ਕੁਛ ਭੀ ਨਾ ਕਰਦੇ ਹੋਏ ਵਾਕੂੰ ਅਲੇਪ ਹੀ ਵਿਚਰਿਆ ਕਰਦਾ ਹੈ। ਤੇ ਇਵੇਂ ਹੀ ਆਸ ਨਿਰਾਸ ਹੁਇ ਝਰਤ ਨਾਹੀ ਆਸਾਂ ਉਮੈਦਾਂ ਕਰਮਾਂ ਦੇ ਫਲਾਂ ਦੀਆਂ ਤਾਂਘਾਂ ਵੱਲੋਂ ਨਿਰਾਸ ਬੇਤਾਂਘ ਹੋ ਕੇ ਆਸਾ ਰਹਿਤ ਲਟਕੇ ਲਾਂਝੇ ਤ੍ਯਾਗ ਕੇ ਮੁੜ ਕਦੀ ਝੜਿਆ ਨਹੀਂ ਕਰਦਾ। ਪਦਾਰਥਾਂ ਪਿੱਛੇ ਵਹਿ ਨਹੀਂ ਤੁਰ੍ਯਾ ਕਰਦਾ, ਅਥਵਾ ਭੁਲੇਖਾ ਹੀਂ ਖਾਇਆ ਕਰਦਾ ਹੈ।

ਗਿਆਨ ਗੁਰ ਧਿਆਨ ਉਰ ਮਾਨਿ ਪੂਰਨ ਬ੍ਰਹਮ ਜਗਤ ਮਹਿ ਭਗਤਿ ਮਤਿ ਛਰਤ ਨਾਹੀ ।੧੪੫।

ਇਸ ਭਾਂਤ ਗਿਆਨ ਗੁਰ ਧਿਆਨ ਉਰਮਾਨ ਪੂਰਨ ਬ੍ਰਹਮ ਗੁਰ ਗਿਆਨ ਨੂੰ ਪ੍ਰਾਪਤ ਹੋ ਕੇ ਹਿਰਦੇ ਵਿਖੇ ਇਸ ਦੇ ਬਾਰੰਬਾਰ ਮਨਨ ਕਰਦਿਆਂ ਕਰਦਿਆਂ, ਪੂਰਨ ਬ੍ਰਹਮ ਦਾ ਧਿਆਨ ਬੱਝ ਜਾਂਦਾ ਹੈ, ਜਿਸ ਕਰ ਕੇ ਓਸ ਭਗਤ ਭਜਨੀਕ ਪੁਰਖ ਦੀ ਮਤਿ ਜਗਤ ਵਿਖੇ ਵਰਤਦੇ ਹੋਇਆਂ ਭੀ ਕਿਸੇ ਪ੍ਰਕਾਰ ਛਲੀ ਨਹੀਂ ਜਾਯਾ ਕਰਦੀ ॥੧੪੫॥


Flag Counter