ਸਲਿਲ ਮੈ ਧਰਨਿ ਧਰਨਿ ਮੈ ਸਲਿਲ ਜੈਸੇ ਜਿਸ ਪ੍ਰਕਾਰ ਜਲ ਵਿਖੇ ਜਲ ਦੇ ਆਸਰੇ ਧਰਤੀ ਹੈ ਤੇ ਧਰਤੀ ਦੇ ਥੱਲੇ ਜਲ ਹੀ ਜਲ ਹੋਣ ਕਰ ਕੇ ਮਾਨੋਂ ਧਰਤੀ ਵਿਚ ਜਲ ਹੈ ਇਹ ਗੱਲ ਸਭ ਜਾਣਦੇ ਹਨ ਪ੍ਰੰਤੂ ਕੂਪ ਅਨਰੂਪ ਕੈ ਖੂਹ ਦੇ ਸਦਰਸ਼ ਕੀਤਿਆਂ ਭਾਵ ਧਰਤੀ ਵਿਚ ਪੱਟਿਆਂ ਹੀ ਬਿਮਲ ਜਲ ਛਾਏ ਹੈ ਨਿਰਮਲ ਜਲ ਛਾਏ ਪਸਰਿਆ ਪ੍ਰਗਟਿਆ ਪ੍ਰਾਪਤ ਹੋਇਆ ਕਰਦਾ ਹੈ।
ਅਤੇ ਉਪ੍ਰੰਤ ਤਾਹੀ ਤਿਸੀ ਹੀ ਉਸੇ ਹੀ ਜਲ ਮਾਟੀ ਕੈ ਜਲ ਮਿੱਟੀ ਤੋਂ ਇਨਾਂ ਨੂੰ ਆਪੋ ਵਿਚ ਗੋ ਕੇ ਇਕ ਤੋਂ ਦੋ ਹੋਇਆਂ ਨੂੰ ਮੁੜ ਇੱਕ ਕਰ ਕੇ, ਬਣਾਈ ਦੀਆਂ ਹਨ ਘਟਿਕਾ ਘੜੀਆਂ ਅਨੇਕਾਂ ਪਰ ਜੇ ਵਿਚਾਰ ਕੇ ਤੱਕੀਏ ਤਾਂ ਇੱਕੋ ਪਾਣੀ ਹੀ ਜੋ ਘੜੇ ਦੀ ਰਚਨਾ ਦਾ ਕਾਰਣ ਸੀ ਓਨਾਂ ਘਟ ਘਟ ਘਟਿਕਾ ਮੈ ਸਮਾਏ ਹੈ ਘੜਿਆਂ ਮਟਕਿਆਂ ਅਰੁ ਘੜੀਆਂ ਵਿਚ ਨ੍ਯਾਰਾ ਨ੍ਯਾਰਾ ਹੋ ਕੇ ਸਮਾਇਆ ਹੁੰਦਾ ਹੈ।
ਅਰਥਾਤ ਜਿਸ ਜਿਸ ਘੜੀ ਵਿਚ ਨਿਗ੍ਹਾ ਕਰ ਕੇ ਪਸਾਰ ਕੇ 'ਦੇਖੀਅਤ' ਦੇਖੀਦਾ ਹੈ, 'ਪੇਖੀਅਤ ਆਪਾ ਆਪੁ' ਤੱਕਨ ਵਿਚ ਔਂਦਾ ਹੈ ਆਪ ਜਲ ਹੀ ਆਪ ਜਲ, 'ਆਨ ਨ ਦਿਖਾਏ ਹੈ' ਹੋਰ ਕੁਛ ਨਹੀਂ ਦਖਾਈ ਦਿੰਦਾ। ਭਾਵ ਜਲ ਵਿਚੋਂ ਧਰਤੀ ਉਪਜਨ ਸਮਾਨ ਚੈਤੰਨ੍ਯ ਸਮੁੰਦਰ ਵਿਚੋਂ ਪ੍ਰਕਿਰਤੀ ਮਾਯਾ ਪ੍ਰਗਟ ਹੋ ਕੇ ਚੈਤੰਨ ਪੁਰਖ ਦੇ ਆਧਾਰ ਇਸਥਿਤ ਹੋ, ਜਦ ਮੁੜ ਉਕਤ ਚੈਤੰਨ ਪੁਰਖ ਅਪਣੇ ਕਾਰਣ ਸਰੂਪ ਨਾਲ ਸੰਜੋਗ ਪ੍ਰਾਪਤ ਹੁੰਦੀ ਹੈ ਤਾਂ ਘੜੇ ਘੜੀਆਂ ਸਮਾਨ ਅਨੰਤ ਸਰੀਰ ਰੂਪ ਹੋ ਭਾਸਦੀ ਹੈ, ਅਰੁ ਐਸੀਆਂ ਅਨੰਤ ਸਰੀਰ ਰੂਪ ਉਪਾਧੀਆਂ ਵਿਖੇ ਜੀਵ ਆਤਮਾ ਰੂਪ ਹੋ ਕਰ ਚੈਤੰਨ ਸੱਤਾ ਅਨੰਤ ਸਰੂਪੀ ਹੋ ਭਾਸਿਆ ਕਰਦੀ ਹੈ। ਜਦ ਗਿਆਨ ਬਿਬੇਕ ਦ੍ਰਿਸ਼ਟੀ ਦ੍ਵਾਰਾ ਦੇਖਿਆ ਜਾਵੇ ਤਾਂ ਬਸ ਸਭ ਦਾ ਆਪਾ ਰੂਪ ਆਪ ਹੀ ਉਹ ਅਨੁਭਵ ਵਿਖੇ ਆਯਾ ਕਰਦਾ ਹੈ ਦੂਸਰਾ ਕੁਛ ਦ੍ਰਿਸ਼ਟੀ ਨਹੀਂ ਆਯਾ ਕਰਦਾ।
ਬੱਸ ਇਹ ਵੀਚਾਰ ਹੈ ਜਿਸ ਨੂੰ ਪੂਰਨ ਬ੍ਰਹਮ ਸਰੂਪ ਗੁਰੂ ਏਕੰਕਾਰ ਸ਼ਬਦ ਗਿਆਨ ਦ੍ਵਾਰੇ ਕੈ ਆਕਾਰ ਪ੍ਰਗਟ ਕਰ ਕੇ ਬ੍ਰਹਮ ਬਿਬੇਕ ਬ੍ਰਹਮ ਗਿਆਨ ਰਾਹੀਂ ਗੁਰ ਸਿੱਖ ਨੂੰ ਇਸੇ ਹੀ ਇਕ ਵਿਖੇ ਏਕ ਠਹਿਰਾਏ ਹੈ ਏਕ ਰੂਪ ਕਰ ਕੇ ਟਿਕਾ ਦਿੰਦੇ ਇਸਥਿਤੀ ਕਰਾ ਦਿੰਦੇ ਹਨ ॥੧੧੦॥