ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 497


ਜੈਸੇ ਏਕ ਸਮੈ ਦ੍ਰੁਮ ਸਫਲ ਸਪਤ੍ਰ ਪੁਨ ਏਕ ਸਮੈ ਫੂਲ ਫਲ ਪਤ੍ਰ ਗਿਰ ਜਾਤ ਹੈ ।

ਜਿਸ ਤਰ੍ਹਾਂ ਇਕ ਸਮਾਂ ਐਸਾ ਹੁੰਦਾ ਹੈ ਕਿ ਬਿਰਖ ਫਲਾਂ ਪੱਤ੍ਰਾਂ ਨਾਲ ਹਰਿਆ ਭਰਿਆ ਹੁੰਦਾ ਹੈ, ਤੇ ਮੁੜ ਇਕ ਐਸਾ ਸਮਾਂ ਰੁੱਤ ਆ ਜਾਂਦਾ ਹੈ ਜਦ ਕਿ ਫਲ ਪੱਤ੍ਰ ਝੜ ਜਾਇਆ ਕਰਦੇ ਹਨ।

ਸਰਿਤਾ ਸਲਿਲਿ ਜੈਸੇ ਕਬਹੂੰ ਸਮਾਨ ਬਹੈ ਕਬਹੂੰ ਅਥਾਹ ਅਤ ਪ੍ਰਬਲਿ ਦਿਖਾਤ ਹੈ ।

ਜਿਸ ਤਰ੍ਹਾਂ ਨਦੀ ਦਾ ਜਲ ਕਦੀ ਤੇ ਇਕ ਸਮਾਨ ਇਕ ਸਾਰ = ਨਿਸਤਰੰਗ ਦਸ਼ਾ ਵਿਚ ਵਗਿਆ ਕਰਦਾ ਹੈ ਤੇ ਕਦੀ ਅਸਗਾਹ ਭਾਰੇ ਹੜ੍ਹ ਦੇ ਰੂਪ ਵਿਚ ਦਿਖਾਈ ਦੇਣ ਲਗ ਪਿਆ ਕਰਦਾ ਹੈ।

ਏਕ ਸਮੈ ਜੈਸੇ ਹੀਰਾ ਹੋਤ ਜੀਰਨਾਂਬਰ ਮੈ ਏਕ ਸਮੈ ਕੰਚਨ ਜੜੇ ਜਗਮਗਾਤ ਹੈ ।

ਇਕ ਵੇਲੇ ਤਾਂ ਹੀਰਾ ਜਿਸ ਤਰ੍ਹਾਂ ਪੁਰਾਣੀ ਟੱਲੀ ਦੇ ਪੱਲੇ ਹੁੰਦਾ ਹੈ ਤੇ ਇਕ ਵੇਲੇ ਸੋਨੇ ਵਿਚ ਜੜਿਆ ਜਗਮਗ ਜਗਮਗ ਕਰਿਆ ਕਰਦਾ ਹੈ।

ਤੈਸੇ ਗੁਰਸਿਖ ਰਾਜਕੁਮਾਰ ਜੋਗੀਸੁਰ ਹੈ ਮਾਇਆਧਾਰੀ ਭਾਰੀ ਜੋਗ ਜੁਗਤ ਜੁਗਾਤ ਹੈ ।੪੯੭।

ਤਿਸੀ ਪ੍ਰਕਾਰ ਹੀ ਗੁਰੂ ਕੇ ਸਿੱਖ ਚਾਹੇ ਰਾਜ ਕੁਆਰ ਰਾਜ ਕੁਮਾਰ ਸ਼ਾਹਜ਼ਾਦੇ ਰਾਜ ਪੁਤ੍ਰ ਹੋਣ ਤਕ ਭੀ ਜੋਗੀਆਂ ਦੇ ਜੋਗੀ ਹੁੰਦੇ ਹਨ, ਤੇ ਚਾਹੇ ਭਾਰੇ ਮਾਇਆ ਧਾਰੀ ਧੰਦਾਲਾਂ ਵਿਚ ਰੁੱਝੇ ਹੋਣ ਤਦ ਭੀ ਉਹ ਜੋਗ ਜੁਗਤੀ ਵਿਚ ਜੁੜੇ ਹੀ ਰਹਿੰਦੇ ਹਨ ॥੪੯੭॥


Flag Counter