ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 561


ਜੈਸੇ ਕਿਰਤਾਸ ਗਰ ਜਾਤ ਜਲ ਬੂੰਦ ਪਰੀ ਘ੍ਰਿਤ ਸਨਬੰਧ ਜਲ ਮਧ ਸਾਵਧਾਨ ਹੈ ।

ਜਿਵੇਂ ਕਾਗਜ਼ ਪਾਣੀ ਦੀ ਛਿੱਟ ਪੈਂਦਿਆਂ ਗਲ ਜਾਂਦਾ ਹੈ ਪਰ ਜੇ ਕਾਗਜ਼ ਨੂੰ ਘਿਉ ਨਾਲ ਥਿੰਧਾ ਕਰ ਦਿੱਤਾ ਜਾਵੇ ਤਾਂ ਪਾਣੀ ਵਿਚ ਗਲਦਾ ਨਹੀਂ।

ਜੈਸੇ ਕੋਟ ਭਾਰ ਤੂਲ ਤਨਕ ਚਿਨਗ ਜਰੈ ਤੇਲ ਮੇਲ ਦੀਪਕ ਮੈਂ ਬਾਤੀ ਬਿਦਮਾਨ ਹੈ ।

ਜਿਵੇਂ ਕ੍ਰੋੜਾਂ ਗੰਢਾਂ ਰੂੰ ਦੀਆਂ ਥੋੜੀ ਜਿਹੀ ਅੱਗ ਦੀ ਚੰਗਿਆੜੀ ਨਾਲ ਝੱਟ ਸੜ ਜਾਂਦੀਆਂ ਹਨ, ਪਰ ਜੇ ਰੂੰ ਬੱਤੀ ਬਣਾ ਕੇ ਤੇਲ ਨਾਲ ਮਿਲਾ ਕੇ ਦੀਵੇ ਵਿਚ ਪਾ ਦੇਈਏ ਤਾਂ ਉਹ ਦੇਰ ਤਕ ਮੌਜੂਦ ਰਹਿੰਦੀ ਹੈ।

ਜੈਸੇ ਲੋਹੋ ਬੂਡ ਜਾਤ ਸਲਲ ਮੈਂ ਡਾਰਤ ਹੀ ਕਾਸਟ ਪ੍ਰਸੰਗ ਗੰਗ ਸਾਗਰ ਨ ਮਾਨ ਹੈ ।

ਜਿਵੇਂ ਪਾਣੀ ਵਿਚ ਪਾਉਂਦਿਆਂ ਹੀ ਲੋਹਾ ਡੁੱਬ ਜਾਂਦਾ ਹੈ ਪਰ ਲੱਕੜ ਦੀ ਸੰਗਤ ਨਾਲ ਲੋਹਾ ਗੰਗਾ ਤੇ ਸਾਗਰ ਨੂੰ ਡੋਬਣਹਾਰ ਨਹੀਂ ਮੰਨਦਾ ਭਾਵ ਤਰ ਜਾਂਦਾ ਹੈ।

ਤੈਸੇ ਜਮ ਕਾਲ ਬ੍ਯਾਲ ਸਗਲ ਸੰਸਾਰ ਗ੍ਰਾਸੈ ਸਤਿਗੁਰ ਭੇਟਤ ਹੀ ਦਾਸਨ ਦਸਾਨ ਹੈ ।੫੬੧।

ਤਿਵੇਂ ਜਮਕਾਲ ਰੂਪੀ ਅਜ਼ਦਹਾ ਸਾਰੇ ਸੰਸਾਰ ਨੂੰ ਡੱਸਦਾ ਹੈ, ਪਰ ਸਤਿਗੁਰੂ ਨੂੰ ਮਿਲਦਿਆਂ ਹੀ ਉਹੋ ਜਮਕਾਲ ਦਾਸਾਂ ਦਾ ਦਾਸ ਹੋ ਜਾਂਦਾ ਹੈ ॥੫੬੧॥


Flag Counter