ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 132


ਅਜਯਾ ਅਧੀਨਤਾ ਪਰਮ ਪਵਿਤ੍ਰ ਭਈ ਗਰਬ ਕੈ ਸਿੰਘ ਦੇਹ ਮਹਾ ਅਪਵਿਤ੍ਰ ਹੈ ।

ਅਜਯਾ ਅਧੀਨਤਾ ਤੇ ਪਰਮ ਪਵਿਤ੍ਰ ਭਈ ਬਕਰੀ ਨੇ ਅਧੀਨਗੀ ਗ੍ਰੀਬੀ ਧਾਰਣ ਤੋਂ ਅਪਣੇ ਆਪ ਨੂੰ ਪਵਿਤ੍ਰ ਬਣਾ ਲਿਆ ਹੈ ਪਰੰਤੂ ਗਰਬ ਕੈ ਸਿੰਘ ਦੇਹ ਮਹਾਂ ਅਪਵਿਤ੍ਰ ਹੈ ਹੰਕਾਰ ਕਰ ਕੇ ਸ਼ੇਰ ਦਾ ਸਰੀਰ ਮਹਾਂ ਗੰਦਾ ਰਹਿੰਦਾ ਹੈ। ਭਾਵ ਬਕਰੀ ਦਾ ਮਾਸ ਖੱਲ ਆਦਿ ਲਗਪਗ ਸਭ ਹੀ ਉਪਕਾਰ ਵਿਚ ਲਗਦੇ ਹਨ ਪਰੰਤੂ ਸ਼ੇਰ ਦਾ ਮਾਸ ਅਖਾਜ ਤੇ ਵਿਕਾਰ ਕਰਤਾ ਹੈ।

ਮੋਨਿ ਬ੍ਰਤ ਗਹੇ ਜੈਸੇ ਊਖ ਮੈ ਪਯੂਖ ਰਸ ਬਾਸ ਬਕਬਾਨੀ ਕੈ ਸੁਗੰਧਤਾ ਨ ਮਿਤ੍ਰ ਹੈ ।

ਮੋਨ ਬ੍ਰਤ ਗਹੈ ਜੈਸੇ ਊਖ ਮੈ ਪਯੂਖ ਰਸ ਸਿਰ ਤਲਵਾਯਾ ਹੋ ਚੁੱਪ ਸਾਧਿਆਂ ਜਿਸ ਤਰ੍ਹਾਂ ਗੰਨੇ ਦੇ ਵਿਚ ਅੰਮ੍ਰਿਤ ਰਸ ਮਿੱਠੀ ਮਿੱਠੀ ਰਹੁ ਪ੍ਰਗਟ ਆਯਾ ਕਰਦੀ ਹੈ। ਪਰੰਤੂ ਬਾਂਸ ਬਕ ਬਾਨੀ ਕੈ ਸੁਗੰਧਤਾ ਨ ਸਿਤ੍ਰ ਹੈ ਬਾਂਸ ਦੇ ਬਕਬਾਦ ਸਰਰ ਸਰਰ ਕਰਦੇ ਰਹਿਣ ਦੀ ਵਾਦੀ ਕੈ ਕਾਰਣ ਕਰ ਕੇ ਨਾ ਇਸ ਵਿਚ ਸੁਗੰਧਤਾ ਦਾ ਪ੍ਰਵੇਸ਼ ਹੋ ਸਕਦਾ ਹੈ, ਅਰ ਨਾ ਹੀ ਸਿਤ੍ਰ ਸੀਤਲਤਾ ਦਾ ਹੀ।

ਮੁਲ ਹੋਇ ਮਜੀਠ ਰੰਗ ਸੰਗ ਸੰਗਾਤੀ ਭਏ ਫੁਲ ਹੋਇ ਕੁਸੰਭ ਰੰਗ ਚੰਚਲ ਚਰਿਤ੍ਰ ਹੈ ।

ਮੁਲ ਹੁਇ ਮਜੀਠ ਰੰਗ ਸੰਗਮ ਸੰਗਾਤੀ ਭਏ ਮਜੀਠ ਆਪਣੇ ਆਪ ਨੂੰ ਧਰਤੀ ਦੇ ਅੰਦਰ ਜੜ੍ਹ ਦੇ ਰੂਪ ਵਿਚ ਦਬਕੀ ਰਖਦੀ ਹੈ ਜਿਸ ਕਰੇ ਓਸ ਵਿਚ ਰੰਗ ਪ੍ਰਗਟ ਹੋ ਆਉਂਦਾ ਹੈ, ਤੇ ਜਿਹੜਾ ਕੋਈ ਕਪੜਾ ਲੀੜਾ ਇਸਦਾ ਸਾਥੀ ਹੋਵੇ, ਭਾਵ ਇਸ ਦੀ ਸੰਗਤ ਨੂੰ ਪਾਵੇ ਓਸ ਵਿਚ ਭੀ ਓਹੋ ਰੰਗ ਹੋ ਆਉਂਦਾ ਹੈ। ਪ੍ਰੰਤੂ ਫੂਲ ਹੁਇ ਕਸੁੰਭ ਰੰਗ ਚੰਚਲ ਚਰਿਤ੍ਰ ਹੈ ਕਸੁੰਭੇ ਦਾ ਫਲ ਬੂਟੇ ਦੇ ਉਪਰ ਚਾਹੜਕੇ ਆਪਣੇ ਆਪ ਨੂੰ ਦਿਖੌਂਦਾ ਹੈ, ਇਸ ਵਾਸਤੇ ਓਸ ਦਾ ਰੰਗ ਚੰਚਲ ਚਰਿਤ੍ਰ ਨਾਸ਼ਵੰਤ ਚੇਸ਼ਟਾ ਵਾਲਾ ਹੁੰਦਾ ਹੈ।

ਤੈਸੇ ਹੀ ਅਸਾਧ ਸਾਧ ਦਾਦਰ ਅਉ ਮੀਨ ਗਤਿ ਗੁਪਤ ਪ੍ਰਗਟ ਮੋਹ ਦ੍ਰੋਹ ਕੈ ਬਚਿਤ੍ਰ ਹੈ ।੧੩੨।

ਤੈਸੇ ਹੀ ਅਸਾਧ ਸਾਧ ਦਾਦਰ ਅਉ ਮੀਨ ਗਤਿ ਤਿਸੀ ਪ੍ਰਕਾਰ ਅਸਿੱਖ ਸਤਿਸੰਗੋਂ ਵੰਜਿਆਂ ਤੇ ਸਾਧ ਸਿੱਖਾਂ ਸਤਸੰਗੀਆਂ ਦੀ ਦਾਦਾਰ ਡੱਡੂਆਂ ਤੇ ਮੀਨ ਮਛੀਆਂ ਵਾਲੀ ਗਤਿ ਦਸ਼ਾ ਸਮਝੋ ਅਰਥਾਤ ਗੁਪਤ ਪ੍ਰਗਟ ਮੋਹ ਦ੍ਰੋਹ ਕੈ ਬਚਿਤ੍ਰ ਹੈ ਜਿਸ ਭਾਂਤ ਡੱਡੂ ਗੁਪਤ ਪ੍ਰਗਟ ਦ੍ਰੋਹ ਧਰੋਹ ਛਲ ਕਪਟ ਵਰਤਦਾ ਹੈ ਤੇ ਮਛੀ ਗੁਪਤ ਪ੍ਰਗਟ ਮੋਹ ਜਲ ਦੇ ਪ੍ਯਾਰ ਨੂੰ ਵਰਤ ਕੇ ਆਪਣੇ ਆਪ ਨੂੰ ਓਸ ਤੋਂ ਵਿਚਿਤ ਵਖਰੀ ਤਰਾਂ ਦੀ ਪ੍ਰਗਟ ਕਰਦੀ ਹੈ। ਇਸੇ ਭਾਂਤ ਹੀ ਸਾਧ ਸ੍ਰੇਸ਼ਟ ਸਤਿਸੰਗੀ ਗੁਰਮੁਖ ਅੰਦਰੋਂ ਬਾਹਰੋਂ ਇਕੋ ਜੇਹੇ ਪ੍ਰੇਮ ਨੂੰ ਧਾਰਣ ਕਰਨ ਵਾਲੇ ਹੁੰਦੇ ਹਨ ਤੇ ਅਸਾਧ ਖੋਟੇ ਮਨਮੁਖ ਅੰਦਰੋਂ ਬਾਹਰੋਂ ਖੋਟ ਹੀ ਖੋਟ ਕਮੌਦੇ ਹਨ। ਭਾਵ ਉਪਰਲੇ ਦ੍ਰਿਸ਼ਟਾਂਤ ਦ੍ਵਾਰੇ ਨਿਰੂਪੇ ਬਕਰੀ, ਊਖ, ਮਜੀਠ ਤਥਾ ਮੱਛੀ ਕਸ਼ਟ ਪਾ ਕੇ ਜੀਕੂੰ ਨੇਕੀ ਪਾਲਣ ਵਾਲੇ ਬਣਦੇ ਹਨ, ਅਰੁ ਸ਼ੇਰ ਬਾਂਸ, ਕਸੁੰਭਾ ਤਥਾ ਡੱਡੂ ਸਦਾ ਕਪਟ ਤੇ ਹੰਕਾਰ ਕਰ ਕੇ ਜਦ ਕਦ ਵਿਕਾਰ ਹੀ ਕਰਦੇ ਹਨ, ਇਸੀ ਪ੍ਰਕਾਰ ਸੰਸਾਰੀਆਂ ਨਿੰਰਕਾਰੀਆਂ ਦਾ ਵਰਤਾਰਾ ਜਾਣ ਕੇ ਸਤਿਸੰਗ ਵਿਚ ਪ੍ਰਵੇਸ਼ ਪਾ ਗੁਰਮੁਖ ਹੀ ਬਣਨ ਦਾ ਜਤਨ ਕਰੇ ॥੧੩੨॥


Flag Counter