ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 647


ਅਛਲ ਅਛੇਦ ਪ੍ਰਭੁ ਜਾ ਕੈ ਬਸ ਬਿਸ੍ਵ ਬਲ ਤੈ ਜੁ ਰਸ ਬਸ ਕੀਏ ਕਵਨ ਪ੍ਰਕਾਰ ਕੈ ।

ਸਖੀ ਪੁੱਛਦੀ ਹੈ ਨਾਇਕਾ ਨੂੰ ਭਾਵ ਜਗਿਆਸੂ ਪੁੱਛਦਾ ਹੈ ਗੁਰਮੁਖ ਨੂੰ ਪ੍ਰਭੂ ਤਾਂ ਅਛਲ ਤੇ ਅਛੇਦ ਹੈ ਜਿਸ ਦੇ ਕਿ ਬਲ ਦੇ ਵੱਸ ਵਿਚ ਸਾਰਾ ਸੰਸਾਰ ਹੈ ਤੂੰ ਜੋ ਉਸ ਨੂੰ ਵੱਸ ਕੀਤਾ ਹੈ ਉਹ ਕਿਸ ਤਰ੍ਹਾਂ ਦੇ ਕਿਹੜੇ ਰਸ ਨਾਲ ਵੱਸ ਕੀਤਾ ਹੈ?

ਸਿਵ ਸਨਕਾਦਿ ਬ੍ਰਹਮਾਦਿਕ ਨ ਧ੍ਯਾਨ ਪਾਵੈ ਤੇਰੋ ਧ੍ਯਾਨ ਧਾਰੈ ਆਲੀ ਕਵਨ ਸਿੰਗਾਰ ਕੈ ।

ਸ਼ਿਵ; ਸਨਕ; ਆਦਿ ਤੇ ਬ੍ਰਹਮ ਆਦਿ ਜਿਸ ਨੂੰ ਧਿਆਨ ਵਿਚ ਨਹੀਂ ਪਾ ਰਹੇ ਹੇ ਸਖੀ!ਤੂੰ ਕਿਹੜਾ ਸ਼ਿੰਗਾਰ ਕੀਤਾ ਹੈ ਕਿ ਉਹ ਤੇਰਾ ਧਿਆਨ ਕਰ ਰਿਹਾ ਹੈ।

ਨਿਗਮ ਅਸੰਖ ਸੇਖ ਜੰਪਤ ਹੈ ਜਾ ਕੋ ਜਸੁ ਤੇਰੋ ਜਸ ਗਾਵਤ ਕਵਨ ਉਪਕਾਰ ਕੈ ।

ਜਪਦੇ ਹਨ ਵੇਦ ਤੇ ਅਣਗਿਣਤ ਸ਼ੇਸ਼ਨਾਗ ਜਿਸ ਦਾ ਜੱਸ ਉਹ ਤੇਰਾ ਜੱਸ ਕਿਹੜੇ ਉਪਕਾਰ ਕਰ ਕੇ ਗਾ ਰਿਹਾ ਹੈ।

ਸੁਰ ਨਰ ਨਾਥ ਜਾਹਿ ਖੋਜਤ ਨ ਖੋਜ ਪਾਵੈ ਖੋਜਤ ਫਿਰਹ ਤੋਹਿ ਕਵਨ ਪਿਆਰ ਕੈ ।੬੪੭।

ਦੇਵਤੇ; ਮਨੁੱਖ ਤੇ ਨਾਥ ਜਿਸ ਨੂੰ ਖੋਜਦੇ ਹਨ; ਪਰ ਖੋਜ ਨਹੀਂ ਪਾਉਂਦੇ ਹੇ ਸਖੀ! ਦੱਸ ਤਾਂ ਸਹੀ ਉਹ ਕਿਹੜੇ ਪਿਆਰ ਕਰ ਕੇ ਤੈਨੂੰ ਖੋਜਦਾ ਫਿਰਦਾ ਹੈ ॥੬੪੭॥