ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 290


ਨਵਨ ਗਵਨ ਜਲ ਨਿਰਮਲ ਸੀਤਲ ਹੈ ਨਵਨ ਬਸੁੰਧਰ ਸਰਬ ਰਸ ਰਾਸਿ ਹੈ ।

ਨੀਵੇਂ ਪਾਸੇ ਗਵਨ ਚਲਣ ਵਾਲਾ ਹੋਣ ਕਰ ਕੇ ਜਲ ਨਿਰਮਲ ਸ੍ਵਛ ਤਥਾ ਸੀਤਲ ਠੰਢਾ ਰਹਿੰਦਾ ਹੈ, ਅਤੇ ਨੀਵੀਂ ਸਭ ਦਿਆਂ ਪੈਰਾਂ ਵਾ ਬਿਰਛ ਪਰਬਤ ਆਦਿਕਾਂ ਦੇ ਤਲੇ ਰਹਿਣ ਵਾਲੀ ਹੋਣ ਕਰ ਕੇ ਬਸੁੰਧਰਾ = ਧਰਤੀ ਮਾਤਾ ਸਮੂਹ ਰਸਾਂ ਦੀ ਰਾਸਿ ਰਾਸ਼ੀ ਭੰਡਾਰ ਬਣੀ ਹੋਈ ਹੈ।

ਉਰਧ ਤਪਸਿਆ ਕੈ ਸ੍ਰੀ ਖੰਡ ਬਾਸੁ ਬੋਹੈ ਬਨ ਨਵਨ ਸਮੁੰਦ੍ਰ ਹੋਤ ਰਤਨ ਪ੍ਰਗਾਸ ਹੈ ।

ਊਂਧਾ ਹੋ ਟਹਣੀਆਂ ਪੱਤਾਂ ਆਦਿ ਦਾ ਉਲਟਾ ਝਾਟਲਾ ਬੰਨਕੇ, ਭਾਵ, ਊਂਧੇ ਸਿਰ ਹੋ ਤਪਸਿਆ ਕਰਨ ਕਰ ਕੇ ਸ੍ਰੀ ਖੰਡ ਬਾਵਨ ਚੰਦਨ ੫੨ ਉਂਗਲੀ ਪ੍ਰਮਾਣ ਛੋਟਾ ਜਿਹਾ ਹੁੰਦਿਆਂ ਸਭੀ, ਅਪਣੀ ਸੁਗੰਧੀ ਨਾਲ ਬਨ ਸਮੂਹ ਜੰਗਲ ਭਰ ਨੂੰ ਮਹਿਕਾ ਦੇਣ ਵਾਲਾ ਸੁਗੰਧਿਤ ਕਰਨ ਵਾਲਾ ਬਣ ਰਿਹਾ ਹੈ, ਅਤੇ ਸਮੁੰਦਰ ਨੇ ਭੀ ਨਿਵਾਨ ਨਿੰਮ੍ਰਤਾ ਹੀ ਧਾਰਨ ਕਰ ਰੱਖੀ ਹੈ, ਜਿਸ ਕਰ ਕੇ ਓਸ ਵਿਚੋਂ ਰਤਨਾਂ ਦਾ ਪ੍ਰਗਾਸ ਹੋ ਰਿਹਾ ਹੈ ਉਹ ਰਤਨ ਪ੍ਰਗਟ ਕਰਣ ਹਾਰਾ ਬਣ ਰਿਹਾ ਹੈ।

ਨਵਨ ਗਵਨ ਪਗ ਪੂਜੀਅਤ ਜਗਤ ਮੈ ਚਾਹੈ ਚਰਨਾਮ੍ਰਤ ਚਰਨ ਰਜ ਤਾਸ ਹੈ ।

ਪੈਰ ਭੀ ਨੀਵੇਂ ਹੋ ਚਲਣ ਵਾਲੇ ਹੋਣ ਕਰ ਕੇ ਹੀ ਗਤ ਵਿਚ ਪੂਜੇ ਜਾ ਰਹੇ ਹਨ, ਅਰੁ ਹਰ ਕੋਈ ਪ੍ਰੇਮ ਦੇ ਮਾਰਗ ਦਾ ਪੰਧਾਊ ਜਿਗ੍ਯਾਸੀ ਗੁਰਮੁਖ ਇਨਾਂ ਪੈਰਾਂ ਦੀ ਧੋਣ ਰੂਪ ਜਲ ਅੰਮ੍ਰਿਤ ਨੂੰ ਤਥਾ ਚਰਣ ਧੂਲੀ ਨੂੰ ਲੋਚ ਰਿਹਾ ਹੈ।

ਤੈਸੇ ਹਰਿ ਭਗਤ ਜਗਤ ਮੈ ਨਿੰਮਰੀਭੂਤ ਕਾਮ ਨਿਹਕਾਮ ਧਾਮ ਬਿਸਮ ਬਿਸ੍ਵਾਸ ਹੈ ।੨੯੦।

ਤਿਸੀ ਪ੍ਰਕਾਰ ਹੀ ਹਰੀ ਪਰਮੇਸ਼੍ਵਰ ਪਰਮਾਤਮਾ ਦੇ ਪਿਆਰੇ ਜਗਤ ਅੰਦਰ ਨਿੰਮਰੀਭੂਤ ਨਿਮਕੀਨੀ ਗ੍ਰੀਬੀ ਦਾ ਸਰੂਪ ਹੋਏ ਰਹਿੰਦੇ ਹਨ, ਜਿਸ ਕਰ ਕੇ ਕਾਮ ਸਮੂਹ ਕਰਮਾਂ ਵਾ ਸੰਕਲਪਾਂ ਵੱਲੋਂ ਨਿਸ਼ਕਰਮ ਵਾ ਅਚਾਹ ਹੋਏ ਧਾਮ ਬਿਸਮ ਬਿਸਮਾਦ ਦੇ ਘਰ ਵਿਚ ਨਿਸਚਾ ਧਾਰੇ ਰਹਿੰਦੇ ਹਨ। ਅਥਵਾ ਕਾਮਨਾ ਵੱਲੋਂ ਨਿਸ਼ਕਾਮ ਅਚਾਹ ਹੋ ਕੇ ਨਿਸ਼ਕਾਮ ਧਾਮ ਨਿਰਸੰਕਲਪ ਪਦ = ਬੇਪ੍ਰਵਾਹੀ ਦੇ ਘਰ ਬਿਸਮ ਬਿਸ੍ਵਾਸ ਦ੍ਰਿੜ੍ਹ ਭਰੋਸਾ ਧਾਰੀ ਰਖਦੇ ਹਨ ਭਾਵ ਉਸੇ ਵਿਖੇ ਇਸਥਿਤ ਰਹਿੰਦੇ ਹਨ ॥੨੯੦॥


Flag Counter