ਮਨ ਬਾਣੀ ਸਰੀਰ ਕਰ ਕੇ ਜੇਕਰ ਇਸਤ੍ਰੀ ਪਤੀਬ੍ਰਤ ਧਰਮ ਦਾ ਪਾਲਨ ਕਰੇ ਤਾਂ ਓਸ ਇਸਤ੍ਰੀ ਨੂੰ ਭਤਾਰ ਪਤੀ ਭੀ ਮਨ ਬਾਣੀ ਸਰੀਰ ਕਰ ਕੇ ਚਾਹਿਆ ਹੀ ਕਰਦਾ ਹੈ।
ਸੁੰਦਰ ਸੁੰਦਰ ਗਹਣੇ ਤਥਾ ਸ਼ਿੰਗਾਰ ਨੂੰ ਧਾਰਣ ਕਰਣ ਹਾਰੀ ਅਤੇ ਸਿਹਜਾ, ਸੰਜੋਗ ਦੇ ਮਾਨਣਹਾਰੀ ਉਹੀ ਬਣਦੀ ਹੈ ਅਰੁ ਸਾਰੇ ਕੁਟੰਬ ਵਿਚ ਭੀ ਓਸੇ ਦਾ ਹੀ ਜੈ ਜੈ ਕਾਰ ਹੋਯਾ ਰਹਿੰਦਾ ਹੈ।
ਗੱਲ ਕੀਹ ਕਿ ਸਭ ਪ੍ਰਕਾਰ ਸੁਹਾਗ ਭਾਗ ਦੇ ਮੰਗਲ ਮਈ ਸੁਖ ਦਾ ਆਨੰਦ ਸਹਜੇ ਸੁਤੇ ਹੀ ਮਾਣਦੀ ਹੋਈ ਉਹ ਸੁੰਦਰ ਮੰਦਿਰਾਂ ਅੰਦਰ, ਸੁਚਾਰ ਛਬਿ ਸੋਭਤ ਹੈ, ਸ੍ਰੇਸ਼ਟ ਛਬਿ ਫੱਬਨ ਨਾਲ ਸੋਹਣੀ ਲਗਿਆ ਫਬ ਫਬ ਪਿਆ ਕਰਦੀ ਹੈ।
ਤਿਸੀ ਪ੍ਰਕਾਰ ਸਤਿਗੁਰੂ ਅਪਣਿਆਂ ਸਿੱਖਾਂ ਨੂੰ ਗ੍ਰਹਸਥ ਆਸ਼ਰਮ ਵਿਚ ਵਰਤਦਿਆਂ ਭੀ ਸਾਵਧਾਨ ਉਦਮੀ ਬਣਾਈ ਰਖ੍ਯਾ ਕਰਦੇ ਹਨ, ਅਤੇ ਹੋਰ ਦੇਵਾਂ ਦੀ ਸੇਵਾ ਵਾਲੇ ਦੁਬਿਧਾ ਭਾਵ ਨੂੰ ਨਿਵਾਰਣ ਕਰੀ ਰਖਦੇ ਯਾ ਪੋਹਨ ਨਹੀਂ ਦਿਆ ਕਰਦੇ ਹਨ ॥੪੮੦॥