ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 275


ਰਚਨਾ ਚਰਿਤ੍ਰ ਚਿਤ੍ਰ ਬਿਸਮ ਬਚਿਤ੍ਰਪਨ ਘਟ ਘਟ ਏਕ ਹੀ ਅਨੇਕ ਹੁਇ ਦਿਖਾਇ ਹੈ ।

ਵਾਹਿਗੁਰੂ ਦੀ ਰਚਨਾ ਦੇ ਚਲਿਤ੍ਰ ਦੇ ਚਿਤ੍ਰ ਸੰਸਾਰੀ ਚਿਤ੍ਰਾਂ = ਬੁੱਤਾਂ -ਮੂਰਤਾਂ ਵਾ ਆਕਾਰਾਂ ਵਿਖੇ ਬਿਸਮ ਹਰਾਨ ਕਰਨ ਵਾਲੀ ਬਿਚਿਤ੍ਰ ਪਨ ਅਚਰਜਤਾ ਭੌਚਕਤਾ ਭਰੀ ਪਈ ਹੈ ਕਿਸ ਤਰ੍ਹਾਂ ਨਾਲ ਘਟ ਘਟ ਸਰੀਰ ਸਰੀਰ ਹਰ ਇਕ ਮੂਰਤ ਯਾ ਆਕਾਰ ਅੰਦਰ ਇਕ ਹੀ ਉਹ ਆਪ ਰਮਿਆ ਹੋਇਆ ਅਨੇਕ ਸਰੂਪੀ ਬਣ ਦਿਖਾ ਰਿਹਾ ਹੈ।

ਉਤ ਤੇ ਲਿਖਤ ਇਤ ਪਢਤ ਅੰਤਰਗਤਿ ਇਤਹੂ ਤੇ ਲਿਖਿ ਪ੍ਰਤਿ ਉਤਰ ਪਠਾਏ ਹੈ ।

ਓਧਰੋਂ ਲਿਖਾਰੀ ਬਣ ਕੇ ਲਿਖਦਾ ਹੈ, ਤੇ ਏਧਰ ਅੰਤਰਗਤਿ = ਅੰਤਰੀਵੀ ਆਸ਼੍ਯ ਵਾਲੀ ਗਤਿ ਗਿਆਨ ਵਾ ਮਰਮ ਦੀ ਗੱਲ ਸਮਝ ਕੇ, ਇਸ ਪਾਸਿਓਂ ਭੀ ਪ੍ਰਤਿ ਉਤਰ ਉਲਟਵਾਂ ਉਤਰ ਜੋ ਕੁਛ ਓਧਰੋਂ ਪੁੱਛ ਹੋਈ ਮੁੜਵਾਂ ਜਵਾਬ ਲਿਖ ਕੇ ਭੇਜ ਦਿੰਦਾ ਹੈ।

ਉਤ ਤੇ ਸਬਦ ਰਾਗ ਨਾਦ ਕੋ ਪ੍ਰਸੰਨੁ ਕਰਿ ਇਤ ਸੁਨਿ ਸਮਝਿ ਕੈ ਉਤ ਸਮਝਾਏ ਹੈ ।

ਐਸਾ ਹੀ ਓਧਰੋਂ ਦੂਸਰੇ ਵੱਲੋਂ ਆਪ ਹੀ ਸ਼ਬਦ ਰਾਗ ਵਾ ਪ੍ਰਸੰਨਤਾ ਕਾਰੀ ਨਾਦ ਨੂੰ ਰਾਗੀ, ਗਵ੍ਯਾ ਆਦਿ ਬਣ੍ਯਾ ਸੁਣੌਂਦਾ ਹੈ, ਤੇ ਇਧਰੋਂ ਸ੍ਰੋਤਾ ਬਣ ਕੇ ਸੁਨਿ ਵਾ ਸਮਝ ਕੇ, ਉਤ ਓਸ ਨੂੰ ਆਪਣੇ ਸ੍ਵਾਗਤੀ ਦਿਲੀ ਭਾਵਨੂੰ ਪ੍ਰਗਟ ਕਰ ਕੇ ਸਮਝਾ ਦਿੰਦਾ ਹੈ ਕਿ ਮਾਨੋ ਓਸ ਨੇ ਠੀਕ ਠੀਕ ਸਮਝ ਲਿਆ ਹੈ। ਅਥਵਾ ਇਧਰ ਸੁਨਿ ਸਮਝ ਕੇ ਉਸ ਨੂੰ ਹੀ ਦੂਸਰੇ ਜਾਣਿਆਂ ਨੂੰ ਸਮਝੌਂਦਾ ਹੈ।

ਰਤਨ ਪਰੀਖ੍ਯ੍ਯਾ ਪੇਖਿ ਪਰਮਿਤਿ ਕੈ ਸੁਨਾਵੈ ਗੁਰਮੁਖਿ ਸੰਧਿ ਮਿਲੇ ਅਲਖ ਲਖਾਏ ਹੈ ।੨੭੫।

ਅਤੇ ਇਵੇਂ ਹੀ ਕਿਤੇ ਜੌਹਰੀ ਬਣ ਕੇ ਰਤਨਾਂ ਦੀ ਪ੍ਰੀਖ੍ਯਾ ਪਛਾਣ ਜਾਚ ਨੂੰ ਸਮਝਿ ਸਿੱਖ ਕੇ ਪਰਮ+ ਇਤਿ -ਬਸ ਠੀਕ ਹੈ ਵਾਹ ਖੂਬ ਅਸ਼ਕ ਅਸ਼ਕੇ ਏਕੂੰ ਕਰ ਸੁਣੌਂਦਾ ਹੈ ਭਾਵ ਅਪਣੀ ਪੂਰਣ ਸਮਝ ਦਾ ਨਿਸਚਾ ਕਰੌਂਦਾ ਹੈ। ਤਿਸੇਤਰਾਂ ਉਹ ਇਧਰ ਸਤਸੰਗ ਮੰਡਲ ਵਿਖੇ ਗੁਰਮੁਖੀ ਸੰਧੀ ਜੋੜ ਜੋੜਨ ਦੀ ਰੀਤੀ ਮ੍ਰਯਾਦਾ ਮੂਜਬ ਮਿਲ ਅਰਥਾਤ ਗੁਰੂ ਸਿੱਖ ਭਾਵ ਨੂੰ ਧਾਰ ਕੇ ਅਲਖ ਸਰੂਪ ਨੂੰ ਪਿਆ ਲਖਦਾ ਤੇ ਲਖੌਂਦਾ ਹੈ ॥੨੭੫॥


Flag Counter