ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 120


ਜੈਸੇ ਨ੍ਰਿਪ ਧਾਮ ਭਾਮ ਏਕ ਸੈ ਅਧਿਕ ਏਕ ਨਾਇਕ ਅਨੇਕ ਰਾਜਾ ਸਭਨ ਲਡਾਵਈ ।

ਜੈਸ ਨ੍ਰਿਪ ਧਾਮ ਭਾਮ ਏਕ ਸੈ ਅਧਿਕ ਏਕ ਜਿਸ ਤਰ੍ਹਾਂ ਰਾਜਾ ਦੇ ਘਰ ਮਹਲਾਂ ਵਿਖੇ ਭਾਮ ਇਸਤ੍ਰੀਆਂ ਇੱਕ ਤੋਂ ਇੱਕ ਚੜਦੀਆਂ ਰੂਪ ਅਰੁ ਗੁਣਵਤੀਆਂ ਹੁੰਦੀਆਂ ਹਨ ਅਰੁ ਨਾਇਕ ਅਨੇਕ ਉਨ੍ਹਾਂ ਅਨੇਕਾਂ ਦਾ ਸੁਆਮੀ ਮਾਲਕ, ਰਾਜਾ ਸਭਨਾਂ ਨੂੰ ਹੀ ਲਾਡ ਲਡੌਂਦਾ ਪ੍ਯਾਰਦਾ ਪ੍ਰਸੰਨ ਕਰਦਾ ਹੈ।

ਜਨਮਤ ਜਾ ਕੈ ਸੁਤੁ ਵਾਹੀ ਕੈ ਸੁਹਾਗੁ ਭਾਗੁ ਸਕਲ ਰਾਨੀ ਮੈ ਪਟਰਾਨੀ ਸੋ ਕਹਾਵਈ ।

ਪ੍ਰੰਤੂ ਵਾਹੀ ਕੈ ਸੁਹਾਗੁ ਭਾਗੁ ਸੁਹਾਗ ਦਾ ਭਾਗ ਕੇਵਲ ਓਸੇ ਨੂੰ ਹੀ ਲਗਦਾ ਹੈ, ਜਨਮਤ ਜਾ ਕੈ ਸੁਤੁ ਜਿਸ ਦੇ ਘਰ ਪੁਤ੍ਰ ਉਤਪੰਨ ਹੋ ਔਂਦਾ ਹੈ ਤੇ ਓਹੋ ਹੀ ਕੇਵਲ ਸਾਰੀਆਂ ਰਾਣੀਆਂ ਵਿਚੋਂ ਪਟਰਾਨੀ ਸਿੰਘਾਸਨ ਉਪਰ ਸਾਥ ਬਿਰਾਜਨ ਦਾ ਮਾਨ ਪਾਣ ਵਾਲੀ ਕਹਾਇਆ ਕਰਦੀ ਹੈ।

ਅਸਨ ਬਸਨ ਸਿਹਜਾਸਨ ਸੰਜੋਗੀ ਸਬੈ ਰਾਜ ਅਧਿਕਾਰੁ ਤਉ ਸਪੂਤੀ ਗ੍ਰਿਹ ਆਵਈ ।

ਚਾਹੇ ਅਸਨ ਬਸਨ ਸਿਹਜਾਸਨ ਸੰਜੋਗੀ ਸਬੈ ਖਾਣ ਪੀਣ ਆਦਿ ਦੇ ਪਦਾਰਥ ਤੇ ਬਸਨ ਸਬਤ੍ਰ ਪਹਿਨਣ ਜੋਗ ਪਦਾਰਥ ਤਥਾ ਸਿਹਜਾ ਉਪਰ ਰਾਜੇ ਨਾਲ ਬੈਠਨ ਦੀਆਂ ਤਾਂ ਸਬੈ ਸਾਰੀਆਂ ਹੀ ਸੰਜੋਗਨਾਂ ਸਾਥਨਾਂ ਹੁੰਦੀਆਂ ਹਨ, ਕਿੰਤੂ ਰਾਜ ਗੱਦੀ ਸਿੰਘਾਸਨ ਦਾ ਅਧਿਕਾਰ ਹੱਕ ਤਾਂ ਸਪੂਤੀ ਪੁਤਰਵੰਤੀ ਦੇ ਹੀ ਗ੍ਰਿਹ ਆਵਈ ਘਰ ਆਯਾ ਕਰਦਾ ਹੈ।

ਗੁਰਸਿਖ ਸਬੈ ਗੁਰੁ ਚਰਨਿ ਸਰਨਿ ਲਿਵ ਗੁਰਸਿਖ ਸੰਧਿ ਮਿਲੇ ਨਿਜ ਪਦੁ ਪਾਵਈ ।੧੨੦।

ਤਿਸੀ ਪ੍ਰਕਾਰ ਗੁਰ ਚਰਨ ਸਰਨਿ ਲਿਵ ਸਤਿਗੁਰਾਂ ਦੀ ਚਰਣ ਸਰਣ ਦੀ ਲਿਵ ਤਾਂਘ ਖਿੱਚ ਰਖਣ ਵਾਲੇ ਤਾਂ ਗੁਰਸਿਖ ਸਬੈ ਸਾਰੇ ਹੀ ਗੁਰੂ ਕੇ ਸਿੱਖ ਹਨ। ਪਰੰਤੂ ਜਿਸ ਕਿਸੇ ਦੀ ਗੁਰ ਸਿਖ ਸੰਸ਼ਧਿ ਮਿਲੇ ਸਿੱਖ ਸਰੂਪ ਹੋਣ ਕਾਰਣ, ਸਤਿਗੁਰਾਂ ਨਾਲ ਅਸਲ ਮੇਲੇ ਮਿਲ ਜਾਣ ਨਿਜ ਪਦ ਪਾਵਈ ਸਤਿਗੁਰਾਂ ਵਾਲੀ ਆਤਮ ਇਸਥਿਤ ਕੇਵਲ ਓਹੋ ਹੀ ਪ੍ਰਾਪਤ ਹੋ ਸਕਦਾ ਹੈ ॥੧੨੦॥


Flag Counter