ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 214


ਸ੍ਰੀ ਗੁਰ ਦਰਸ ਧਿਆਨ ਖਟ ਦਰਸਨ ਦੇਖੈ ਸਕਲ ਦਰਸ ਸਮ ਦਰਸ ਦਿਖਾਏ ਹੈ ।

ਜਿਸਨੇ ਸ੍ਰੀ ਗੁਰੂ ਮਹਾਰਾਜ ਦੇ ਦਰਸ਼ਨ ਦਾ ਧਿਆਨ ਕਰ ਲਿਆ ਉਹ ਮੁੜ ਛੀਆਂ ਦਰਸ਼ਨਾਂ ਹੋਰਨਾਂ ਮਤਾਂ ਵੱਲ ਕਦੀ ਨਾ ਤੱਕੇਗਾ, ਕ੍ਯੋਂਕਿ ਸਭ ਦਰਸ਼ਨ ਸਾਰੀ ਦ੍ਰਿਸ਼੍ਯ ਹੀ ਓਸ ਨੂੰ ਇਕ ਸਮ ਪਾਰ ਬ੍ਰਹਮ ਸਰੂਪ ਦਿਖਾਈ ਦੇਣ ਲਗ ਪਿਆ ਕਰਦੀ ਹੈ ਅਥਵਾ ਦਰਸ ਸਮ ਸਾਰੇ ਦਰਸ਼ਨ ਹੀ ਸਮਾਏ ਹੋਏ ਹਨ, ਜਿਸ ਉਸ ਇਕ ਦਰਸ਼ਨ ਵਿਖੇ, ਉਹ ਜੁ ਓਸ ਨੂੰ ਦਿੱਸ ਔਂਦਾ ਹੈ।

ਸ੍ਰੀ ਗੁਰ ਸਬਦ ਪੰਚ ਸਬਦ ਗਿਆਨ ਗੰਮਿ ਸਰਬ ਸਬਦ ਅਨਹਦ ਸਮਝਾਏ ਹੈ ।

ਸ੍ਰੀ ਗੁਰੂ ਮਹਾਰਾਜ ਜੀ ਦਾ ਸ਼ਬਦ ਪ੍ਰਾਪਤ ਹੋਣ ਕਰ ਕੇ ਪੰਜਾਂ ਹੀ ਅਗੰਮੀ ਦਿਬ੍ਯ ਸ਼ਬਦਾਂ ਦੇ ਗਿਆਨ ਦੀ ਗੰਮਤਾ ਪ੍ਰਾਪਤੀ ਹੋ ਔਂਦੀ ਹੈ, ਜਿਸ ਕਰ ਕੇ ਸਭ ਭਾਂਤ ਦੇ ਹੀ ਅਨਹਦ ਸ਼ਬਦਾਂ ਦੀ ਸਮਝ ਆਪ ਤੇ ਆਪ ਫੁਰ ਆਯਾ ਕਰਦੀ ਹੈ। ਅਥਵਾ ਐਸੇ ਅਨਹਦ ਇਕ ਰਸ ਧੁਨੀ ਭਾਵੀ ਸਮੂਹ ਸ਼ਬਦ ਹੀ 'ਸਮ+ਝਾਏ' 'ਹੈ ਬ੍ਰਹਮ ਦੀ ਝਾਈ' ਛਾਯਾ ਆਭਾਸ ਰੂਪ ਹੋ ਭਾਸ੍ਯਾ ਕਰਦੇ ਹਨ ਕੰਨਾਂ ਵਿਚ ਉਂਗਲਾਂ ਦੇ ਕੇ ਅਨਹਦ ਸੁਨਣ ਦੀ ਕੋਈ ਲੋੜ ਹੀ ਨਹੀਂ।

ਮੰਤ੍ਰ ਉਪਦੇਸ ਪਰਵੇਸ ਕੈ ਅਵੇਸ ਰਿਦੈ ਆਦਿ ਕਉ ਆਦੇਸ ਕੈ ਬ੍ਰਹਮ ਬ੍ਰਹਮਾਏ ਹੈ ।

ਗੱਲ ਕੀਹ ਕਿ ਸਤਿਗੁਰਾਂ ਦਾ ਮੰਤ੍ਰ ਉਪਦੇਸ਼ ਕੰਨਾਂ ਦੇ ਸਮੀਪ ਹੁੰਦੇ ਸਾਰ ਹੀ, ਅੰਦਰ ਪ੍ਰਵੇਸ਼ ਕਰਦਿਆਂ ਹਿਰਦੇ ਅੰਦਰ ਅਵੇਸ ਕਰ ਘੁਸ ਜਾਂਦਾ ਹੈ। ਜਿਸ ਕਰ ਕੇ ਸਭ ਦੀ ਆਦਿ, ਆਦਿ ਸਰੂਪ ਅਕਾਲ ਪੁਰਖ ਨੂੰ ਆਦੇਸ ਕਰਦਾ ਕਰਦਾ ਅਰਾਧਦਾ ਧਿਉਂਦਾ ਅਥਵਾ ਬਾਰ ਬਾਰ ਅਭਿਆਸ ਕਰਦਾ ਹੋਯਾ, ਬ੍ਰਹਮ ਹੀ ਬ੍ਰਹਮ ਸਰਬ ਠੌਰ ਰਮ੍ਯਾ ਪ੍ਰਾਪਤ ਹੁੰਦਾ ਦ੍ਰਿਸ਼ਟੀ ਆਯਾ ਕਰਦਾ ਹੈ।

ਗਿਆਨ ਧਿਆਨ ਸਿਮਰਨ ਪ੍ਰੇਮ ਰਸ ਰਸਿਕ ਹੁਇ ਏਕ ਅਉ ਅਨੇਕ ਕੇ ਬਿਬੇਕ ਪ੍ਰਗਟਾਏ ਹੈ ।੨੧੪।

ਇਉਂ ਪ੍ਰੇਮ ਰਸ ਦਾ ਰਸੀਆ ਹੋ ਕੇ ਗੁਰ ਉਪਦੇਸ਼ ਨੂੰ ਸਿਮਰਣ ਕਰਦਾ ਚਿਤਾਰਦਾ ਤੇ ਇਸੇ ਹੀ ਇਕ ਮਾਤ੍ਰ ਧਿਆਨ ਵਿਚ ਪ੍ਰਪੱਕ ਹੁੰਦਾ ਵਾਹਿਗੁਰੂ ਦੇ ਸਰੂਪ ਗਿਆਨ ਨੂੰ ਪ੍ਰਾਪਤ ਹੋ ਕੇ ਇੱਕ, ਪਰਮਾਤਮਾ ਤੇ ਅਨੇਕ ਜਗਤ ਦੇ ਬਿਬੇਕ ਬਿਬ +ਏਕ ਦੋ ਭਾਸਦੇ ਹੁੰਦ੍ਯਾਂ ਭੀ ਇਕ ਅਕਾਲ ਹੀ ਅਕਾਲ ਹੈ ਐਸੇ ਪ੍ਰਗਟ ਕਰਦਾ ਸਾਮਰਤੱਖ ਅਨੁਭਵ ਕਰਦਾ ਹੈ। ਅਥਵਾ ਇਕ ਕੈਸੇ ਅਨੇਕ ਹੋਯਾ ਤੇ ਅਨੇਕ ਮੁੜ ਇਕ ਵਿਚ ਹੀ ਕਿਸ ਪ੍ਰਕਾਰ ਅਭੇਦ ਹੋ ਸਕਦਾ ਹੈ, ਐਸਾ ਵੀਚਾਰ ਅਧਿਕਾਰੀਆਂ ਤਾਈਂ ਪ੍ਰਗਟ ਕਰਦਾ ਉਪਦੇਸ਼ਦਾ ਹੈ ॥੨੧੪॥


Flag Counter