ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 420


ਦੇਖਿ ਦੇਖਿ ਦ੍ਰਿਗਨ ਦਰਸ ਮਹਿਮਾ ਨ ਜਾਨੀ ਸੁਨ ਸੁਨ ਸਬਦੁ ਮਹਾਤਮ ਨ ਜਾਨਿਓ ਹੈ ।

ਦ੍ਰਿਗਨ ਨੇਤ੍ਰਾਂ ਨਾਲ ਤੱਕ ਤੱਕ ਕੇ ਭੀ ਦਰਸ਼ਨ ਦੀ ਮਹਿਮਾ ਨੂੰ ਨਾ ਜਾਣਿਆ ਤੇ ਸੁਣ ਸੁਣ ਕੇ ਕੰਨਾਂ ਦ੍ਵਾਰੇ ਉਪਦੇਸ਼ ਸ਼ਬਦ ਦੇ ਮਹਾਤਮ ਪ੍ਰਭਾਵ ਨੂੰ ਨਾ ਸਮਝਿਆ।

ਗਾਇ ਗਾਇ ਗੰਮਿਤਾ ਗੁਨ ਗਨ ਗੁਨ ਨਿਧਾਨ ਹਸਿ ਹਸਿ ਪ੍ਰੇਮ ਕੋ ਪ੍ਰਤਾਪੁ ਨ ਪਛਾਨਿਓ ਹੈ ।

ਗੌਂਦਿਆਂ ਗੌਂਦਿਆਂ ਰਸਨਾ ਨਾਲ ਗੁਣ ਨਿਧਾਨ ਗੁਣਾਂ ਦੇ ਭੰਡਾਰ ਸਤਿਗੁਰਾਂ ਦੇ ਗੁਨ ਗਨ ਸਮੂਹ ਗੁਣਾਂ ਨੂੰ ਨਾ ਪਛਾਤਾ ਵਾ ਗੁਨਗ ਗੁਣ ਗ੍ਯਾਤਾ ਹੋਣ ਦੀ ਗੰਮਤਾ ਪ੍ਰਾਪਤ ਨਾ ਕੀਤੀ ਅਰੁ ਹਸ ਹਸ ਕੇ ਕੌਤੁਕਾਂ ਬਿਨੋਦਾਂ ਚੋਜਾਂ ਉਪਰ ਪ੍ਰੇਮ ਦਾ ਪ੍ਰਤਾਪ ਮਹੱਤ ਨਾ ਪਛਾਣਿਆ।

ਰੋਇ ਰੋਇ ਬਿਰਹਾ ਬਿਓਗ ਕੋ ਨ ਸੋਗ ਜਾਨਿਓ ਮਨ ਗਹਿ ਗਹਿ ਮਨੁ ਮੁਘਦੁ ਨ ਮਾਨਿਓ ਹੈ ।

ਸੰਸਾਰੀ ਪਦਾਰਥਾਂ ਪਿਛੇ ਤਾਂ ਰੋ ਰੋ ਢਾਹਾਂ ਮਾਰੀਆਂ; ਕਿੰਤੂ ਪ੍ਰੇਮ ਤੋਂ ਹੋਣ ਹਾਰੇ ਵਿਛੋੜੇ ਦ੍ਵਾਰੇ ਹੋਣ ਵਾਲੇ ਸੋਗ ਰੂਪ ਦੁੱਖ ਨੂੰ ਨਾ ਜਾਤਾ ਅਤੇ ਮਨ ਨੇ ਪਕੜ ਵਿਚ ਪਕੜ ਸੰਸਾਰ ਦੀ ਕੀਤੀ ਪਰ ਇਹ ਮੂਰਖ ਮਨ ਵਾਹਗੁਰੂ ਦੇ ਮਾਰਗ ਵਿਚ ਨਾ ਮੰਨਿਆ।

ਲੋਗ ਬੇਦ ਗਿਆਨ ਉਨਮਾਨ ਕੈ ਨ ਜਾਨਿ ਸਕਿਓ ਜਨਮ ਜੀਵਨੇ ਧ੍ਰਿਗੁ ਬਿਮੁਖ ਬਿਹਾਨਿਓ ਹੈ ।੪੨੦।

ਲੌਕਿਕ ਗ੍ਯਾਨ ਦ੍ਵਾਰੇ ਵਾ ਬੇਦਿਕ ਗ੍ਯਾਨ ਦ੍ਵਾਰੇ ਅਥਵਾ ਅਨੁਮਾਨ ਕਰ ਕੇ ਇਹ ਮਨੁੱਖ ਉਕਤ ਦਰਸ਼ਨ ਸ਼ਬਦ ਸਿਮਰਣ ਵਾ ਕੀਰਤਨ ਆਦਿ ਦੀ ਸਤ੍ਯਤਾਸਤ੍ਯ ਵਸਤੂ ਨੂੰ ਨਹੀਂ ਜਾਣ ਸਕਿਆ; ਤਾਂ ਤੇ ਧਿਰਕਾਰ ਲਾਨ੍ਹਤ ਹੈ ਇਸ ਦੇ ਮਨੁੱਖ ਹੋ ਜੰਮਣ ਨੂੰ; ਤਥਾ ਇਸ ਦੀ ਜਿੰਦਗੀ ਨੂੰ ਜਿਹੜੀ ਕਿ ਏਸ ਨੇ ਬੇਮੁਖਤਾ ਵਿਚ ਬਿਤਾਈ ਹੈ ॥੪੨੦॥


Flag Counter