ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 611


ਜੈਸੇ ਖਰ ਬੋਲ ਸੁਨ ਸਗੁਨੀਆ ਮਾਨ ਲੇਤ ਗੁਨ ਅਵਗੁਨ ਤਾਂ ਕੋ ਕਛੂ ਨ ਬਿਚਾਰਈ ।

ਜਿਵੇਂ ਗਧੇ ਦਾ ਹੀਂਗਣਾ ਸੁਣ ਕੇ ਸਗਨ ਅਪਸਗਨ ਨੂੰ ਮੰਨਣ ਵਾਲਾ ਸਗਨ ਮੰਨ ਲੈਂਦਾ ਹੈ ਪਰ ਉਹ ਉਸ ਗਧੇ ਦਾ ਗੁਣ ਅਵਗੁਣ ਕੁੱਝ ਨਹੀਂ ਵੀਚਾਰਦਾ।

ਜੈਸੇ ਮ੍ਰਿਗ ਨਾਦ ਸੁਨਿ ਸਹੈ ਸਨਮੁਖ ਬਾਨ ਪ੍ਰਾਨ ਦੇਤ ਬਧਿਕ ਬਿਰਦੁ ਨ ਸਮਾਰਹੀ ।

ਜਿਸ ਤਰ੍ਹਾਂ ਸ਼ਿਕਾਰੀ ਘੰਡਾ ਹੇੜੇ ਦਾ ਸ਼ਬਦ ਕਰਦਾ ਹੈ, ਉਸ ਨੂੰ ਸੁਣ ਕੇ ਹਿਰਨ ਐਸਾ ਮਸਤ ਹੁੰਦਾ ਹੈ ਕਿ ਸਾਹਮਣੇ ਤੀਰ ਝਲ ਲੈਂਦਾ ਹੈ ਤੇ ਪ੍ਰਾਣ ਦੇਂਦਾ ਹੈ, ਪਰ ਉਸ ਸ਼ਿਕਾਰੀ ਦੇ ਸੁਭਾਵ ਨੂੰ ਨਹੀਂ ਚਿਤਾਰਦਾ ਕਿ ਇਹ ਰਾਗ ਤੇ ਮਸਤ ਕਰਕੇਮਾਰ ਲਏਗਾ।

ਸੁਨਤ ਜੂਝਾਊ ਜੈਸੇ ਜੂਝੈ ਜੋਧਾ ਜੁਧ ਸਮੈ ਢਾਡੀ ਕੋ ਨ ਬਰਨ ਚਿਹਨ ਉਰ ਧਾਰਹੀ ।

ਜਿਵੇਂ ਜੰਗੀ ਵਾਜੇ ਸੁਣ ਕੇ ਜੁੱਧ ਸਮੇਂ ਜੋਧਾ ਲੜਦਾ ਮਰਦਾ ਹੈ ਤੇ ਵਜਾਉਣ ਵਾਲੇ ਢਾਡੀ ਦੇ ਰੰਗ ਰੂਪ ਨੂੰ ਹਿਰਦੇ ਵਿਚ ਨਹੀਂ ਲਿਆਉਂਦਾ।

ਤੈਸੇ ਗੁਰ ਸਬਦ ਸੁਨਾਇ ਗਾਇ ਦਿਖ ਠਗੋ ਭੇਖਧਾਰੀ ਜਾਨਿ ਮੋਹਿ ਮਾਰਿ ਨ ਬਿਡਾਰਹੀ ।੬੧੧।

ਤਿਵੇਂ ਮੈਂ ਗੁਰੂ ਸ਼ਬਦ ਗਾ ਤੇ ਸੁਣਾ ਕੇ ਸਿੱਖਾਂ ਨੂੰ ਠੱਗਦਾ ਹਾਂ ਪਰ ਸਿਖ ਮੈਨੂੰ, ਭੇਖਧਾਰੀ ਜਾਣ ਕੇ ਮਾਰ ਕੇ ਦੂਰ ਨਹੀਂ ਕਰਦੇ ॥੬੧੧॥ ਇਸ ਕਬਿੱਤ ਵਿਚ ਭਾਈ ਸਾਹਿਬਾਂ ਜੀ ਆਪਣੀ ਕਮਲ ਦੀ ਨਿੰਮ੍ਰਤਾ ਦਿਖਾ ਰਹੇ ਹਨ।