ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 447


ਬੈਸਨੋ ਅਨੰਨਿ ਬ੍ਰਹਮੰਨਿ ਸਾਲਗ੍ਰਾਮ ਸੇਵਾ ਗੀਤਾ ਭਾਗਵਤ ਸ੍ਰੋਤਾ ਏਕਾਕੀ ਕਹਾਵਈ ।

ਇਕ ਐਸਾ ਬ੍ਰਹਮਣ ਜੋ ਅਨੰਨ ਵੈਸ਼ਨਵ ਭਗਤ ਸੀ ਅਰਥਾਤ ਭਗਵਾਨ ਵਿਸ਼ਨੂੰ ਤੋਂ ਛੁੱਟ ਹੋਰ ਦੁਆ ਆਰਾਧ੍ਯ ਦੇਵਤਾ ਨਹੀਂ ਮੰਨਦਾ ਸੀ ਤੇ ਸਾਲਿਗ੍ਰਾਮ ਦੀ ਸੇਵਾ ਭੀ ਇਸੇ ਪ੍ਰਕਾਰ ਹੀ ਕਰਿਆ ਕਰਦਾ ਸੀ ਇਵੇਂ ਹੀ ਗੀਤਾ ਅਰੁ ਭਾਗਵਤ ਨੂੰ ਇਨਾਂ ਦੇ ਵੈਸ਼ਨਵ ਗ੍ਰੰਥ ਹੋਣ ਕਾਰਣ ਇਨ੍ਹਾਂ ਦਾ ਇਕ ਮਾਤ੍ਰ ਸ੍ਰੋਤਾ ਸੁਨਣਹਾਰਾ ਆਪਣੇ ਆਪਨੂੰ ਕਹੌਂਦਾ ਸੀ ਵਾ ਐਸਾ ਪ੍ਰਸਿੱਧ ਸੀ।

ਤੀਰਥ ਧਰਮ ਦੇਵ ਜਾਤ੍ਰਾ ਕਉ ਪੰਡਿਤ ਪੂਛਿ ਕਰਤ ਗਵਨ ਸੁ ਮਹੂਰਤ ਸੋਧਾਵਈ ।

ਅਰਥਾਤ ਦਿਬ੍ਯ ਧਰਮ ਤੀਰਥ ਜਾਤ੍ਰਾ ਦੇ ਵਾਸਤੇ ਪੰਡਿਤ ਜੋਤਿਸ਼ੀ ਨੂੰ ਪੁਛਕੇ ਸੋ ਉਹ ਮਹੂਰਤ ਲਗਨ ਸੁਧਾ ਕੇ ਗਵਨ ਕਰਤ ਤੁਰ ਪਿਆ।

ਬਾਹਰਿ ਨਿਕਸਿ ਗਰਧਬ ਸ੍ਵਾਨ ਸਗਨੁ ਕੈ ਸੰਕਾ ਉਪਰਾਜਿ ਬਹੁਰਿ ਘਰਿ ਆਵਹੀ ।

ਪਰ ਜ੍ਯੋਂ ਹੀ ਕਿ ਬਾਹਰ ਨਿਕਲਿਆ ਤਾਂ ਅਗੋਂ ਖੋਤਾ ਮਿਲ੍ਯਾ ਤੇ ਕੁੱਤਾ ਰੋਇਆ ਸੁਣਿਆ ਜਿਸ ਐਸੇ ਅਪਸਗਨ ਕਰ ਕੇ ਅਥਵਾ ਅਗਨਿ ਪਾਠ ਸਗਨਿ ਦੀ ਥਾਂ ਹੋਂਦਿਆਂ ਖੋਤੇ ਨੂੰ ਤੇ ਕੁੱਤੇ ਰੋਂਦੇ ਤਥਾ ਅੱਗ ਧੁਖਦੀ ਨੂੰ ਤੱਕ ਕੇ ਚਿੱਤ ਅੰਦਰ ਸ਼ੰਕਾ ਤੌਖਲਾ ਸੰਸਾ ਉਪਜਾ ਕੇ ਮੁੜ ਘਰ ਅੰਦਰ ਹੀ ਆ ਗਿਆ ਭਾਵ ਯਾਤ੍ਰਾ ਦੇ ਸੰਕਲਪ ਨੂੰ ਓਸ ਸਮੇਂ ਟਾਲ ਦਿੱਤਾ।

ਪਤਿਬ੍ਰਤ ਗਹਿ ਰਹਿ ਸਕਤ ਨ ਏਕਾ ਟੇਕ ਦੁਬਧਾ ਅਛਿਤ ਨ ਪਰੰਮ ਪਦੁ ਪਾਵਹੀ ।੪੪੭।

ਆਹ ਹਾਲ ਹੈ ਆਨ ਦੇਵ ਅਨੰਨ ਸਵੇਕਾਂ ਦਾ ਜੋ ਦੁਬਿਧਾ ਅਛਤ ਦੁਚਿਤਾਈ ਦੇ ਮੌਜੂਦ ਰਹਿਣ ਕਾਰਣ ਪਰਮ ਪਦ ਆਪਣੇ ਆਦਰਸ਼ ਰੂਪ ਮਨੋਰਥ ਨੂੰ ਪ੍ਰਾਪਤ ਨਹੀਂ ਹੋ ਸਕਦੇ। ਪਰ ਜਿਨਾਂ ਗੁਰੂ ਦੇਵ ਸੇਵਕਾਂ ਨੇ ਸਿੱਖੀ ਭਾਵ ਰੂਪ ਪਤਿਬ੍ਰਤਾ ਵਾਲੀ ਪ੍ਰਤਿਗ੍ਯਾ ਨੂੰ ਤਾਂ ਗਹਿ ਧਾਰਣ ਕੀਤਾ ਹੋਵੇ; ਕਿੰਤੂ ਉਹ ਗਹਿ ਨਹੀਂ ਸਕਦੇ; ਇਕ ਮਾਤ੍ਰ ਟੇਕ ਨਿਸਚੇ ਨੂੰ ਭਾਵ ਜੋ ਇਕ ਮਾਤ੍ਰ ਨਿਸਚੇ ਉਪਰ ਹੀ ਨਾ ਟਿਕੇ ਰਹਿੰਦੇ ਉਹ ਭੀ ਦੁਬਿਧਾ ਵਾਲੇ ਹੋਣ ਕਰ ਕੇ ਪਰਮ ਪਦ ਨੂੰ ਪ੍ਰਾਪਤ ਨਹੀਂ ਹੋ ਸਕਨਗੇ ॥੪੪੭॥