ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 261


ਗੁਰਮੁਖਿ ਮਾਰਗ ਹੁਇ ਭ੍ਰਮਨ ਕੋ ਭ੍ਰਮੁ ਖੋਇਓ ਚਰਨ ਸਰਨਿ ਗੁਰ ਏਕ ਟੇਕ ਧਾਰੀ ਹੈ ।

ਗੁਰਮੁਖੀ ਮਾਰਗ ਵਿਖੇ ਪ੍ਰਵਿਰਤ ਹੋਣ ਸਾਰ ਭਾਵ ਗੁਰਸਿੱਖ ਸਜਨ ਮਾਤ੍ਰ ਤੇ ਹੀ ਸਭ ਭਰਮਾਂ ਦਾ ਮੂਲ ਭਰਮ ਅਗਿਆਨ ਨਿਵਿਰਤ ਹੋ ਜਾਂਦਾ ਹੈ ਅਥਵਾ ਜਨਮ ਜਨਮਾਂਤ੍ਰਾਂ ਵਾ ਪਦਾਰਥਾਂ ਪਿਛੇ ਅਤੇ ਉਹ ਸਤਿਗੁਰਾਂ ਦੇ ਚਰਣਾਂ ਦੀ ਸਰਣ ਦੀ ਇਕ ਮਾਤ੍ਰ ਟੇਕ ਧਾਰ ਲਿਆ ਕਰਦਾ ਹੈ। ਵਾ ਪੈਰਾਂ ਕਰ ਕੇ ਗੁਰੂ ਸਰਣ ਵਿਖੇ ਪ੍ਰਾਪਤ ਹੋਣ ਦਾ ਹੀ ਨਿਸਚਾ ਪੱਕਾ ਧਾਰ ਲੈਂਦਾ ਹੈ ਹੋਰ ਚਲਨਾ ਫਿਰਣਾ ਤੀਰਥ ਯਾਤ੍ਰਾ ਆਦਿ ਤਿਆਗ ਦਿੰਦਾ ਹੈ।

ਦਰਸ ਦਰਸ ਸਮਦਰਸ ਧਿਆਨ ਧਾਰਿ ਸਬਦ ਸੁਰਤਿ ਕੈ ਸੰਸਾਰੀ ਨਿਰੰਕਾਰੀ ਹੈ ।

ਦ੍ਰਿਸ਼੍ਯ ਵਿਖੇ ਸਮ ਸਰੂਪੀ ਇੱਕ ਕਰਤਾਰ ਨੂੰ ਤੱਕਦਾ ਹੋਇਆ ਇਸੇ ਹੀ ਧਿਆਨ ਦੀ ਧਾਰਣਾ ਧਾਰੀ ਦ੍ਰਿੜ੍ਹ ਕਰੀ ਰਖਦਾ ਹੈ। ਅਰੁ ਸ਼ਬਦ ਵਿਖੇ ਸੁਰਤਿ ਸਾਵਧਾਨ ਕਰ ਕੇ ਸੰਸਾਰ ਵਿਚ ਵਰਤਦਾ ਭੀ ਨਿਰੰਕਾਰੀ ਨਿਰੰਕਾਰ ਪ੍ਰਾਯਣ ਹੋਯਾ ਰਹਿੰਦਾ ਹੈ।

ਸਤਿਗੁਰ ਸੇਵਾ ਕਰਿ ਸੁਰਿ ਨਰ ਸੇਵਕ ਹੈ ਮਾਨਿ ਗੁਰ ਆਗਿਆ ਸਭਿ ਜਗੁ ਆਗਿਆਕਾਰੀ ਹੈ ।

ਐਹੋ ਜੇਹੇ ਗੁਰਮੁਖ ਦੇ ਸਤਿਗੁਰਾਂ ਦੀ ਸੇਵਾ ਕਾਰਣ, ਦੇਵਤੇ ਅਤੇ ਮਨੁੱਖ ਸਰਬੱਤ ਹੀ ਟਹਿਲੀਏ ਬਣ ਜਾਂਦੇ ਹਨ। ਇਸੇ ਤਰ੍ਹਾਂ ਜਿਸ ਐਸੇ ਪੁਰਖ ਨੇ ਗੁਰੂ ਦੀ ਆਗਿਆ ਮੰਨੀ ਪ੍ਰਵਾਣ ਕੀਤੀ ਸਾਰਾ ਜਗਤ ਹੀ ਓਸ ਦਾ ਆਗਿਆਕਾਰੀ ਹੋ ਤੁਰਦਾ ਹੈ।

ਪੂਜਾ ਪ੍ਰਾਨ ਪ੍ਰਾਨਪਤਿ ਸਰਬ ਨਿਧਾਨ ਦਾਨ ਪਾਰਸ ਪਰਸ ਗਤਿ ਪਰਉਪਕਾਰੀ ਹੈ ।੨੬੧।

ਐਡੀ ਪ੍ਰਤਿਸ਼ਟਾ ਨੂੰ ਪ੍ਰਾਪਤ ਹੋ ਕੇ ਭੀ ਉਹ ਗੁਰਮੁਖ ਪ੍ਰਾਣ ਪਤੀ ਅੰਤਰਯਾਮੀ ਪਰਮਾਤਮਾ ਸਤਿਗੁਰੂ ਦਾ ਪ੍ਰਾਣਾਂਦ੍ਵਾਰੇ ਪੂਜਨ ਕਰਦਾ ਰਹਿੰਦਾ ਹੈ ਭਾਵ ਸ੍ਵਾਸ ਸ੍ਵਾਸ ਗੁਰ ਸ਼ਬਦ ਦ੍ਵਾਰਾ ਵਾਹਿਗੁਰੂ ਨੂੰ ਅਰਾਧਦਾ ਰਹਿੰਦਾ ਹੈ, ਅਤੇ ਸਮੀਪ ਵਰਤੀ ਸਤਿਸੰਗੀਆਂ ਭਗਤਾਂ ਨੂੰ ਸਭ ਪ੍ਰਕਾਰ ਦੀਆਂ ਨਿਧੀਆਂ ਮਨ ਚਿੰਦੀਆਂ ਮੁਰਾਦਾਂ ਬਖਸ਼ਦਾ ਹੈ। ਜੀਕੂੰ ਪਾਰਸ ਧਾਤੂਆਂ ਨੂੰ ਪਰਸ ਪਰਸ ਕੇ ਸ੍ਵਰਣ ਬਣਾਈ ਜਾਂਦਾ ਹੈ। ਤੀਕੂੰ ਹੀ ਪ੍ਰਾਣੀ ਮਾਤ੍ਰ ਨੂੰ ਉਤਮ ਗਤੀ ਪ੍ਰਦਾਨ ਕਰਣੇ ਵਿਖੇ ਇਹ ਭੀ ਪਰਉਪਕਾਰੀ ਬਣਿਆ ਰਹਿੰਦਾ ਹੈ ॥੨੬੧॥


Flag Counter