ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 410


ਜੈਸੇ ਤਉ ਮਿਠਾਈ ਰਾਖੀਐ ਛਿਪਾਇ ਜਤਨ ਕੈ ਚੀਟੀ ਚਲਿ ਜਾਇ ਚੀਨਿ ਤਾਹਿ ਲਪਟਾਤ ਹੈ ।

ਜਿਸ ਤਰ੍ਹਾਂ ਨਾਲ ਮਿਠ੍ਯਾਈ ਨੂੰ ਚਾਹੇ ਕਿਤਨਾਂ ਹੀ ਜਤਨ ਕਰ ਕੇ ਲੁਕਾ ਲੁਕਾ ਰਖੀਏ; ਪਰ ਕੀੜੀਆਂ ਫੇਰ ਭੀ ਉਥੇ ਜਾ ਹੀ ਪਹੁੰਚਦੀਆਂ ਹਨ ਤੇ ਉਸ ਮਿਠ੍ਯਾਈ ਨੂੰ ਪਛਾਣ ਕੇ ਚੰਬੜ ਜਾਂਦੀਆਂ ਹਨ।

ਦੀਪਕ ਜਗਾਇ ਜੈਸੇ ਰਾਖੀਐ ਦੁਰਾਇ ਗ੍ਰਿਹਿ ਪ੍ਰਗਟ ਪਤੰਗ ਤਾ ਮੈ ਸਹਜਿ ਸਮਾਤਿ ਹੈ ।

ਜਿਸ ਤਰ੍ਹਾਂ ਦੀਵੇ ਨੂੰ ਜਗਾ ਕੇ ਕਿਤਨਾ ਭੀ ਕ੍ਯੋਂ ਨਾ ਘਰ ਅੰਦਰ ਛਪਾ ਕੇ ਰਖੀਏ ਪਰ ਪ੍ਰਤੱਖ ਹੀ ਤਿਸ ਅੰਦਰ ਸਹਜਿ ਸਮਾਤ ਅਰੋਕ ਹੀ ਬਿਨਾਂ ਰੋਕ ਟੋਕ ਧਸ ਜਾਯਾ ਕਰਦੇ ਹਨ: ਅਥਵਾ ਉਸ ਦੀਵੇ ਸਾਮਨੇ ਪੁਜ ਕੇ ਨਿਰਜਤਨ ਸਮਾ ਜਾਂਦੇ ਸੜ ਮਰਦੇ ਹਨ।

ਜੈਸੇ ਤਉ ਬਿਮਲ ਜਲ ਕਮਲ ਇਕਾਂਤ ਬਸੈ ਮਧੁਕਰ ਮਧੁ ਅਚਵਨ ਤਹ ਜਾਤ ਹੈ ।

ਜਿਸ ਤਰ੍ਹਾਂ ਫੇਰ ਕੌਲ ਫੁਲ ਇਕਲਵੰਜੇ ਕਿਤੇ ਨਿਰਮਲ ਜਲ ਵਿਖੇ ਇਸਥਿਤ ਹੁੰਦਾ ਹੈ; ਪਰੰਤੂ ਭੌਰੇ ਉਥੋਂ ਸ਼ਹਦ ਛਕਨ ਵਾਸਤੇ ਓਸ ਪਾਸ ਚਲੇ ਹੀ ਜਾਯਾ ਕਰਦੇ ਹਨ।

ਤੈਸੇ ਗੁਰਮੁਖਿ ਜਿਹ ਘਟ ਪ੍ਰਗਟਤ ਪ੍ਰੇਮ ਸਕਲ ਸੰਸਾਰੁ ਤਿਹਿ ਦੁਆਰ ਬਿਲਲਾਤ ਹੈ ।੪੧੦।

ਤਿਸੀ ਪ੍ਰਕਾਰ ਹੀ ਜਿਸ ਗੁਰਮੁਖ ਦੇ ਹਿਰਦੇ ਅੰਦਰ ਗੁਰੂ ਮਹਾਰਾਜ ਕਰਤਾਰ ਦੇ ਪ੍ਰੇਮ ਦਾ ਪ੍ਰਗਾਸ ਹੋ ਔਂਦਾ ਹੈ; ਸਾਰਾ ਸੰਸਾਰ ਹੀ ਓਸ ਦੇ ਦਰ ਉਪਰ ਤਰਲੇ ਕਢਨ ਲਗ ਪਿਆ ਕਰਦਾ ਹੈ; ਭਾਵ ਵਾਹਗੁਰੂ ਦੀ ਕਿਰਪਾ ਦਾ ਨਿਵਾਜਿਆ ਸਮਝਯਾ ਜਾ ਕੇ ਸੰਸਾਰ ਭਰ ਦੀਆਂ ਹੀ ਮੁਰਾਦਾਂ ਪੂਰੀਆਂ ਕਰਨ ਦਾ ਉਹ ਅਸਥਾਨ ਬਣ ਜਾਯਾ ਕਰਦਾ ਹੈ ॥੪੧੦॥


Flag Counter