ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 216


ਚਰਨ ਕਮਲ ਮਕਰੰਦ ਰਸ ਲੁਭਿਤ ਹੁਇ ਚਰਨ ਕਮਲ ਤਾਹਿ ਜਗ ਮਧੁਕਰ ਹੈ ।

ਜਿਹੜਾ ਕੋਈ ਉਕਤ ਰੀਤੀ ਨਾਲ ਸਤਿਗੁਰਾਂ ਦੇ ਚਰਣ ਕਮਲਾਂ ਦੀ ਧੂਲੀ ਰਸ ਦਾ ਪ੍ਰੇਮੀ ਚਰਣ ਕਮਲਾਂ ਦੇ ਮਕਰੰਦ ਮਦ ਰਸ ਵਾ ਪ੍ਰਭਾਵ ਮਾਨਣ ਦਾ ਲੌਭੀ ਬਣ ਜਾਂਦਾ ਹੈ, ਤਾਹਿ ਤਿਸਦਿਆਂ ਚਰਣ ਕਮਲਾਂ ਦਾ ਜਗਤ ਭਰ ਹੀ ਮਧੁਕਰ ਭੌਰਾ ਪ੍ਰੇਮੀ ਬਣ ਜਾਯਾ ਕਰਦਾ ਹੈ।

ਸ੍ਰੀ ਗੁਰ ਸਬਦ ਧੁਨਿ ਸੁਨਿ ਗਦ ਗਦ ਹੋਇ ਅੰਮ੍ਰਿਤ ਬਚਨ ਤਾਹਿ ਜਗਤ ਉਧਰਿ ਹੈ ।

ਐਸਾ ਹੀ ਕਲਿਆਣ ਸਰੂਪ ਸਤਿਗੁਰਾਂ ਦੇ ਸ਼ਬਦ ਉਪਦੇਸ਼ ਦੀ ਧੁਨੀ ਮਰਮ ਵਾ ਆਵਾਜ ਮਾਤ੍ਰ ਤੇ ਹੀ ਸਤਿਗੁਰੂ ਦਾ ਉਪਦੇਸ਼ ਮਈ ਬਚਨ ਸੁਨਣ ਕਰ ਕੇ ਜੇ ਕੋਈ ਗਦ ਗਦ ਪੁਲਕਿਤ ਪ੍ਰਸੰਨਤਾ ਵਾਨ ਹੋ ਗਿਆ ਅਰਥਾਤ ਨਾਮ ਉਪਦੇਸ਼ ਪ੍ਰਾਪਤ ਹੋਣ ਤੇ ਜਿਸ ਦੇ ਅੰਦਰ ਖੁਸ਼ੀ ਪ੍ਰਗਟ ਹੋ ਆਈ, ਤਾਹਿ ਤਿਸਦਿਆਂ ਅੰਮ੍ਰਿਤ ਮਿਠੇ ਮਿਠੇ ਹਿਤਕਾਰੀ ਬਚਨਾਂ ਦ੍ਵਾਰਾ ਜਗਤ ਹੀ ਨਿਸਤਾਰੇ ਨੂੰ ਪਾਇਆ ਕਰਦਾ ਹੈ ਭਾਵ ਉਸ ਦੇ ਬਚਨਾਂ ਤੋਂ ਅਸੰਖ੍ਯਾਤ ਪੁਰਖਾਂ ਦੀ ਕਲ੍ਯਾਣ ਹੋਯਾ ਕਰਦੀ ਹੈ।

ਕਿੰਚਤ ਕਟਾਛ ਕ੍ਰਿਪਾ ਗੁਰ ਦਇਆ ਨਿਧਾਨ ਸਰਬ ਨਿਧਾਨ ਦਾਨ ਦੋਖ ਦੁਖ ਹਰਿ ਹੈ ।

ਦਯਾ ਦੇ ਸਮੁੰਦਰ ਸਤਿਗੁਰਾਂ ਦੀ ਕਿੰਚਿੰਤ ਭਰ ਥੋੜੀ ਮਾਤ੍ਰ ਭੀ ਕ੍ਰਿਪਾ ਭਰੀ ਦ੍ਰਿਸ਼ਟੀ ਦ੍ਵਾਰੇ ਜੋ ਤੱਕਿਆ ਵਡਿਆਇਆ ਗਿਆ। ਉਹ ਸਮੂਹ ਨਿਧੀਆਂ ਨੂੰ ਦੇਣ ਤਥਾ ਦੁਖ ਅਧ੍ਯਾਤਮਿਕ, ਅਧਿਦੈਵਿਕ ਅਧਿਭੂਤਿਕ ਅਰੁ ਦੋਖ ਮਲ ਵਿਖੇਪ ਆਵਰਣ ਆਦਿ ਵਾ ਸਭ ਪ੍ਰਕਾਰ ਦੀ ਵਿਕਾਰ ਵਾਸਨਾ ਹੋਰਨਾਂ ਦੀਆਂ ਭੀ ਦੂਰ ਕਰਨ ਲਈ ਸਮਰੱਥ ਹੋ ਜਾਂਦਾ ਹੈ।

ਸ੍ਰੀ ਗੁਰ ਦਾਸਨ ਦਾਸ ਦਾਸਨ ਦਾਸਾਨ ਦਾਸ ਤਾਸ ਨ ਇੰਦ੍ਰਾਦਿ ਬ੍ਰਹਮਾਦਿ ਸਮਸਰਿ ਹੈ ।੨੧੬।

ਐਥੋਂ ਤਕ ਕਿ ਗੁਰੂ ਮਹਾਰਾਜ ਦੇ ਦਾਸਾਂ ਦੇ ਜੋ ਦਾਸ ਹਨ ਓਨਾਂ ਦੇ ਦਾਸਾਂ ਦਿਆਂ ਭੀ ਦਾਸਾਂ ਦੇ ਦਾਸਾਂ ਦੀ ਅਨੁਸਾਰਿਤਾ ਪਾਲਣਹਾਰਿਆਂ ਸਿੱਖਾਂ ਦੇ ਭੀ ਜੋ ਸਿੱਖ ਉਪਦੇਸ਼ੀ ਬਣ ਜਾਂਦੇ ਹਨ, ਤਿੰਨਾਂ ਦੇ ਸਮਸਰਿ ਬ੍ਰੋਬਰ ਇੰਦ੍ਰਾਦਿਕ ਤੇਤੀ ਕ੍ਰੋੜ ਕੇਵਤੇ, ਤਥ ਬ੍ਰਹਮਾ ਹੈ ਆਦਿ ਮੁੱਖ ਜਿਨਾਂ ਦਾ ਐਸੇ ਬ੍ਰਹਮਾ ਬਿਸ਼ਨੂ ਮਹੇਸ਼ ਭੀ ਨਹੀਂ ਹੋ ਸਕਦੇ ॥੨੧੬॥