ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 512


ਛਲਨੀ ਮੈ ਜੈਸੇ ਦੇਖੀਅਤ ਹੈ ਅਨੇਕ ਛਿਦ੍ਰ ਕਰੈ ਕਰਵਾ ਕੀ ਨਿੰਦਾ ਕੈਸੇ ਬਨਿ ਆਵੈ ਜੀ ।

ਜਿਸ ਤਰ੍ਹਾਂ ਛਾਨਣੀ ਆਪਣੇ ਅੰਦਰ ਅਨੇਕਾਂ ਛਿਦ੍ਰ ਛੇਕਾਂ ਨੂੰ ਦੇਖਦਿਆਂ ਭੀ ਉਹ ਕਰੂਏ ਕੁੱਜੇ ਦੀ ਜਿਸ ਦਾ ਇਕੋ ਹੀ ਮੂੰਹ ਟੱਡਿਆ ਹੋਯਾ ਹੈ ਨਿੰਦਾ ਕਰੇ; ਤਾਂ ਇਹ ਕਿਸ ਤਰ੍ਹਾਂ ਫੱਬ ਸਕਦੀ ਹੈ।

ਬਿਰਖ ਬਿਥੂਰ ਭਰਪੂਰ ਬਹੁ ਸੂਰਨ ਸੈ ਕਮਲੈ ਕਟੀਲੋ ਕਹੈ ਕਹੂ ਨ ਸੁਹਾਵੈ ਜੀ ।

ਕਿੱਕਰ ਦਾ ਬੂਟਾ ਜੋ ਆਪ ਤਾਂ ਬਹੁਤ ਸੂਲਾਂ ਨਾਲ ਭਰਪੂਰ ਹੁੰਦਾ ਹੈ ਪਰ ਕੌਲ ਫੁੱਲ ਨੂੰ ਆਖੇ ਕੰਡਿਆਂ ਵਾਲਾ ਤਾਂ ਇਹ ਗੱਲ ਕਿਸੇ ਨੂੰ ਚੰਗੀ ਨਹੀਂ ਲਗਦੀ।

ਜੈਸੇ ਉਪਹਾਸੁ ਕਰੈ ਬਾਇਸੁ ਮਰਾਲ ਪ੍ਰਤਿ ਛਾਡਿ ਮੁਕਤਾਹਲ ਦ੍ਰੁਗੰਧ ਲਿਵ ਲਾਵੈ ਜੀ ।

ਜਿਸ ਤਰ੍ਹਾਂ ਕਾਂ ਮੈਲੇ ਨਾਲ ਪ੍ਯਾਰ ਕਰਣਹਾਰਾ ਹੋਣ ਕਰ ਕੇ ਮੋਤੀਆਂ ਨੂੰ ਛਡ ਕੇ ਮੈਲੇ ਵੱਲ ਰੁਚੀ ਕਰਦਾ ਹੋਇਆ ਭੀ ਹੰਸ ਤਾਂਈ ਹਾਸੀ ਠੱਠਾ ਕਰੇ ਤਾਂ ਫੱਬਦਾ ਨਹੀਂ।

ਤੈਸੇ ਹਉ ਮਹਾ ਅਪਰਾਧੀ ਅਪਰਾਧਿ ਭਰਿਓ ਸਕਲ ਸੰਸਾਰ ਕੋ ਬਿਕਾਰ ਮੋਹਿ ਭਾਵੈ ਜੀ ।੫੧੨।

ਤਿਸੀ ਪ੍ਰਕਾਰ ਅਭਿਮਾਨ ਆਦਿ ਦੋਖ ਰੂਪ ਅਪਰਾਧਾਂ ਦਾ ਭਰਿਆ ਹੋਇਆ ਮੈਂ ਆਪ ਤਾਂ ਘੋਰ ਅਪ੍ਰਾਧੀ ਭਾਰਾ ਪਾਪੀ ਹਾਂ ਤੇ ਸਾਰੇ ਸੰਸਾਰ ਦੇ ਵਿਕਾਰ ਐਬ ਮੈਨੂੰ ਰੁਚਦੇ ਹਨ, ਪਰ ਨਿੰਦਾ ਕਰਦਾ ਹਾਂ ਗੁਰਸਿੱਖਾਂ ਦੀ ਸੋ ਮੇਰਾ ਭੀ ਐਸਾ ਆਖਣਾ ਅਣ ਸੁਖਾਵਾ ਹੈ ॥੫੧੨॥