ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 418


ਜੈਸੇ ਗੁਆਰ ਗਾਇਨ ਚਰਾਵਤ ਜਤਨ ਬਨ ਖੇਤ ਨ ਪਰਤ ਸਬੈ ਚਰਤ ਅਘਾਇ ਕੈ ।

ਜਿਸ ਤਰ੍ਹਾਂ ਗੁਆਲਾ ਗਾਈਆਂ ਵੱਗ ਨੂੰ ਬਨ ਵਿਚ ਚਰੌਂਦਾ ਹੈ; ਤੇ ਜਤਨ ਕਰਦਾ ਹੈ; ਜੋ ਕਿਸੇ ਦੇ ਖੇਤ ਵਿਚ ਨਾ ਪੈਣ ਸੋ ਇਉਂ ਹੀ ਸਾਰੀਆਂ ਰੱਜ ਕੇ ਚਰ ਲੈਂਦੀਆਂ ਹਨ।

ਜੈਸੇ ਰਾਜਾ ਧਰਮ ਸਰੂਪ ਰਾਜਨੀਤ ਬਿਖੈ ਤਾ ਕੇ ਦੇਸ ਪਰਜਾ ਬਸਤ ਸੁਖ ਪਾਇ ਕੈ ।

ਜਿਸ ਤਰ੍ਹਾਂ ਰਾਜਾ ਰਾਜਨੀਤੀ ਵਿਖੇ ਧਰਮ ਸਰੂਪੀ ਨਿਆਂਈ ਰਹੇ ਤਾਂ ਓਸ ਦੇ ਦੇਸ਼ ਵਿਚ ਪਰਜਾ ਸੁਖ ਪੂਰਬਕ ਵਸਿਆ ਕਰਦੀ ਹੈ।

ਜੈਸੇ ਹੋਤ ਖੇਵਟ ਚੇਤੰਨਿ ਸਾਵਧਾਨ ਜਾ ਮੈ ਲਾਗੈ ਨਿਰਬਿਘਨ ਬੋਹਥ ਪਾਰਿ ਜਾਇ ਕੈ ।

ਜਿਸ ਤਰ੍ਹਾਂ ਜਾ ਬੋਹਿਥ ਮੈ ਜਿਹੜੇ ਬੋਹਿਥ, ਜਹਾਜ = ਬੇੜੇ ਵਿਚ ਖੇਵਟ ਮਲਾਹ ਸ੍ਯਾਣਾ ਤੇ ਸਾਵਧਾਨ ਹੋਵੇ, ਉਹ ਨਿਰਵਿਘਨ ਹੀ ਪਾਰ ਜਾ ਪਹੁੰਚਦਾ ਹੈ।

ਤੈਸੇ ਗੁਰ ਉਨਮਨ ਮਗਨ ਬ੍ਰਹਮ ਜੋਤ ਜੀਵਨ ਮੁਕਤਿ ਕਰੈ ਸਿਖ ਸਮਝਾਇ ਕੈ ।੪੧੮।

ਤਿਸੀ ਪ੍ਰਕਾਰ ਹੀ ਸਤਿਗੁਰੂ ਸਿੱਖ ਨੂੰ ਸਮਝਾ ਸਮਝਾ ਕੇ ਬ੍ਰਹ ਮਜੋਤੀ ਪਰਮਾਤਮ ਪ੍ਰਕਾਸ਼ ਦਾ ਧ੍ਯਾਨ ਧਰਾ ਧਰਾ ਉਨਮਨੀ ਅਵਸਥਾ ਵਿਖੇ ਮਗਨ ਕਰੌਂਦੇ ਕਰੌਂਦੇ ਜੀਵਨ ਮੁਕਤ ਬਣਾ ਦਿਆ ਕਰਦੇ ਹਨ ॥੪੧੮॥