ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 472


ਆਂਬਨ ਕੀ ਸਧਰ ਕਤ ਮਿਟਤ ਆਂਬਲੀ ਖਾਏ ਪਿਤਾ ਕੋ ਪਿਆਰ ਨ ਪਰੋਸੀ ਪਹਿ ਪਾਈਐ ।

ਅੰਬ ਖਾਣ ਦੀ ਸੱਧਰ ਸਿੱਕ ਆਂਬਲੀ ਅੰਬਾਕੜੀ ਵਾ ਇੰਬਲੀ ਖਾਧਿਆਂ ਨਹੀਂ ਮਿਟ੍ਯਾ ਕਰਦੀ, ਤੇ ਪਿਤਾ ਵਾਲਾ ਪਿਆਰ ਪੜੌਸੀ ਪਾਸੋਂ ਨਹੀਂ ਮਿਲ੍ਯਾ ਕਰਦਾ।

ਸਾਗਰ ਕੀ ਨਿਧਿ ਕਤ ਪਾਈਅਤ ਪੋਖਰ ਸੈ ਦਿਨਕਰਿ ਸਰਿ ਦੀਪ ਜੋਤਿ ਨ ਪੁਜਾਈਐ ।

ਸਮੁੰਦਰ ਦੀ ਮਣੀਆਂ ਰਤਨ ਰੂਪ ਵਿਭੂਤੀ ਛਪੜ ਵਿਚੋਂ ਕਿਸੇ ਪ੍ਰਕਾਰ ਪ੍ਰਾਪਤ ਹੋ ਸਕੇ, ਅਤੇ ਸੂਰਜ ਦੀ ਬ੍ਰੋਬਰੀ ਨੂੰ ਦੀਵੇ ਦੀ ਲਾਟ ਕੀਕੁਨ ਪੁਗ ਸਕੇ।

ਇੰਦ੍ਰ ਬਰਖਾ ਸਮਾਨ ਪੁਜਸ ਨ ਕੂਪ ਜਲ ਚੰਦਨ ਸੁਬਾਸ ਨ ਪਲਾਸ ਮਹਿਕਾਈਐ ।

ਬਦਲ ਦੀ ਬਰਖਾ ਦੇ ਬਰਾਬਰ ਖੂਹ ਦਾ ਜਲ ਨਹੀਂ ਪੁਜ ਸਕਦਾ ਤੇ ਚੰਨਣ ਦੀ ਸੁਗੰਧੀ ਛਿਛਰੇ ਵਿਚੋਂ ਨਹੀਂ ਪ੍ਰਾਪਤ ਕੀਤੀ ਜਾ ਸਕਦੀ।

ਸ੍ਰੀ ਗੁਰ ਦਇਆਲ ਕੀ ਦਇਆ ਨ ਆਨ ਦੇਵ ਮੈ ਜਉ ਖੰਡ ਬ੍ਰਹਮੰਡ ਉਦੈ ਅਸਤ ਲਉ ਧਾਈਐ ।੪੭੨।

ਸ੍ਰੀ ਗੁਰ ਦਇਆਲੂ ਵਾਲੀ ਦਿਆਲੁਤਾ ਹੋਰਨਾਂ ਦੇਵਤਿਆਂ ਦੇ ਸੇਵਨ ਵਿਖੇ ਨਹੀਂ, ਚਾਹੇ ਖੰਡਾਂ ਬ੍ਰਹਮੰਡਾਂ ਵਿਖੇ, ਵਾ ਉਦੇ ਅਸਤ ਪ੍ਰਯੰਤ ਧੁਰ ਸਿਰਿਓਂ ਧੁਰ ਸਿਰੇ ਤਕ ਸੰਸਾਰ ਭਰ ਨੂੰ ਹੀ ਗਾਹ ਮਾਰੀਏ ਭਟਕ ਮਰੀਏ ॥੪੭੨॥


Flag Counter