ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 253


ਅਬਿਗਿਤਿ ਗਤਿ ਕਤ ਆਵਤ ਅੰਤਰਿ ਗਤਿ ਅਕਥ ਕਥਾ ਸੁ ਕਹਿ ਕੈਸੇ ਕੈ ਸੁਨਾਈਐ ।

ਇਹ ਪ੍ਰੇਮ ਰਸ ਅਬ੍ਯਕ੍ਤ ਗਤੀ ਵਾਲਾ ਹੈ ਅਰਥਾਤ ਇਸ ਦੀ ਗਤੀ ਗਿਆਨ ਯਾ ਦਸ਼ਾ ਨਹੀਂ ਨਿਰੂਪੀ ਜਾ ਸਕਦੀ, ਇਸੇ ਕਰ ਕੇ ਹੀ ਇਸ ਦੀ ਕਥਾ ਅਕਥ ਅਕਹਿ ਰੂਪ ਕਹੀ ਜਾਂਦੀ ਹੈ ਸੋ ਕਿਸ ਪ੍ਰਕਾਰ ਉਸ ਨੂੰ ਇਸ ਮਾਸ ਰਸਨਾ ਦ੍ਵਾਰਾ ਆਖਕੇ ਸੁਨਾਈਏ?

ਅਲਖ ਅਪਾਰ ਕਿਧੌ ਪਾਈਅਤਿ ਪਾਰ ਕੈਸੇ ਦਰਸੁ ਅਦਰਸੁ ਕੋ ਕੈਸੇ ਕੈ ਦਿਖਾਈਐ ।

ਕਿਧੌ ਅਥਵਾ ਜਿਸ ਦਾ ਲਖਨਾ ਅਲਖ ਰੂਪ ਹੈ ਅਤੇ ਨਹੀਂ ਪਾਇਆ ਜਾ ਸਕਦਾ ਜਿਸ ਦਾ ਪਾਰਾ ਵਾਰ, ਅਪਾਰ ਹੋਣ ਕਰ ਕੇ ਕਿਸ ਤਰ੍ਹਾਂ ਓਸ ਦਾ ਪਾਰ ਪਾਯਾ ਜਾਵੇ, ਅਰਥਾਤ ਕੀਕੂੰ ਦਸਿਆ ਜਾ ਸਕੇ ਕਿ ਅਮੁਕੀ ਅਵਸਥਾ ਵਿਖੇ ਉਹ ਐਹੋ ਜੇਹਾ ਹੈ ਤਥਾ ਕਿਸ ਪ੍ਰਕਾਰ ਉਸ ਦੇ ਇਨਾਂ ਨੇਤ੍ਰਾਂ ਆਦਿ ਕਰ ਕੇ ਨਾ ਦੇਖਿਆ ਜਾ ਸਕਨ ਹਾਰੇ ਅਦਰਸ਼ ਰੂਪ ਦਰਸ਼ਨ ਨੂੰ ਦਿਖਾਲਿਆ ਜਾ ਸਕੇ?

ਅਗਮ ਅਗੋਚਰੁ ਅਗਹੁ ਗਹੀਐ ਧੌ ਕੈਸੇ ਨਿਰਲੰਬੁ ਕਉਨ ਅਵਲੰਬ ਠਹਿਰਾਈਐ ।

ਧੌ ਐਸਾ ਹੀ ਫੇਰ ਜੋ ਅਗਮ ਗਿਆਨ ਦੀ ਗੰਮਤਾ ਵਿਚ ਨਹੀਂ ਆ ਸਕਦਾ ਹੈ; ਅਰੁ ਅਗੋਚਰ ਇੰਦ੍ਰੀਆਂ ਦਾ ਅਵਿਖ੍ਯ ਹੈ, ਭਾਵ ਮਨ ਇੰਦ੍ਰੀਆਂ ਦੇ ਘੇਰੇ ਵਿਚ ਨਹੀਂ ਆ ਸਕਦਾ, ਉਸ ਅਗਹੁ ਅਗ੍ਰਾਹ੍ਯ ਗ੍ਰਹਿਣ ਕਰਨੇ ਅਜੋਗ ਪਕੜ ਵਿਚ ਔਣੋਂ ਪਰ ਬਾਹਰੇ ਸਰੂਪ ਨੂੰ ਕਿਸ ਭਾਂਤ ਗ੍ਰਹਿਣ ਕਰ ਸਕੀਏ, ਤੇ ਕਿਸ ਤਰ੍ਹਾਂ ਉਸ ਨਿਰਾਲੰਬ ਨਿਰ ਸਹਾਰੇ ਸਰੂਪ ਦਾ ਕੋਈ ਆਲੰਬ ਸਹਾਰਾ ਸਾਧਨ ਰੂਪ ਠਹਿਰਾਈਏ ਨਿਸਚੇ ਕਰੀਏ ਕਲਪੀਏ?

ਗੁਰਮੁਖਿ ਸੰਧਿ ਮਿਲੈ ਸੋਈ ਜਾਨੈ ਜਾ ਮੈ ਬੀਤੈ ਬਿਸਮ ਬਿਦੇਹ ਜਲ ਬੂੰਦ ਹੁਇ ਸਮਾਈਐ ।੨੫੩।

ਗੁਰਮੁਖੀ ਭਾਵ ਵਿਚ ਆਣ ਕਰ ਕੇ ਗੁਰੂ ਸਿੱਖ ਭਾਵ ਵਾਲੀ ਸੰਧੀ ਮਿਲਿਆਂ ਜਿਸ ਗੁਰਮੁਖ ਅੰਦਰ ਇਹ ਬੀਤੈ ਵਰਤ ਪਵੇ, ਕੇਵਲ ਓਹੀ ਮਾਤ੍ਰ ਹੀ ਜਾਣ ਸਕਦਾ ਹੈ, ਅਰੁ ਜਾਣ ਕੇ ਬਿਸਮ ਅਚਰਜ ਵਿਚ ਮਗਨ ਹੋ ਐਸਾ ਦੋਹੋਂ ਬਿਦੇਹ ਦੇਹਾਦਿਕਾਂ ਦੀ ਸੁਧ ਰਹਿਤ ਹੋ ਜਾਂਦਾ ਹੈ, ਜੈਸਾ ਕਿ ਬੂੰਦ ਅਪਣੇ ਜਲ ਭੰਡਾਰ ਵਿਚ ਸਮਾ ਜਾਂਦੀ ਅਭੇਦ ਹੋ ਜਾਯਾ ਕਰਦੀ ਹੈ। ਭਾਵ ਉਹ ਆਪ੍ਯੋਂ ਪਾਰ ਹੋ ਵਾਹਿਗੁਰੂ ਵਿਚ ਸਮਾ ਅਭੇਦ ਹੋ ਜਾਯਾ ਕਰਦਾ ਹੈ ॥੨੫੩॥


Flag Counter