ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 388


ਕੋਇਲਾ ਸੀਤਲ ਕਰ ਕਰਤ ਸਿਆਮ ਗਹੇ ਪਰਸ ਤਪਤ ਪਰਦਗਧ ਕਰਤ ਹੈ ।

ਜੀਕੂੰ ਠੰਢਾ ਕੋਲਾ ਹੱਥ ਨਾਲ ਫੜੀਏ ਤਾਂ ਓਸ ਨੂੰ ਕਲਾ ਕਰ ਸਿੱਟਦਾ ਹੈ, ਅਰੁ ਜੇਕਰ ਏਹ ਤੱਤੇ ਨੂੰ ਪਰਸੇ ਛੋਹੇ ਤਾਂ ਪਰਦਗਧ ਪ੍ਰਦਗਧ ਕਰ ਦਿੰਦਾ ਭਲੀ ਪ੍ਰਕਾਰ ਸਾੜ ਦਿਆ ਕਰਦਾ ਹੈ।

ਕੂਕਰ ਕੇ ਚਾਟਤ ਕਲੇਵਰਹਿ ਲਾਗੈ ਛੋਤਿ ਕਾਟਤ ਸਰੀਰ ਪੀਰ ਧੀਰ ਨ ਧਰਤ ਹੈ ।

ਕੁੱਤੇ ਦੇ ਚੱਟਦਿਆਂ ਸਰੀਰ ਨੂੰ ਛੋਹ ਕੁੱਤੇ ਦੀ ਬੀਮਾਰੀ ਖੁਰਕ ਵਗੈਰਾ ਯਾਂ ਗਿਲਾਨੀ ਦੀ ਛੂਤ ਲਗ ਜਾਯਾ ਕਰਦੀ ਹੈ, ਭਾਵ ਖੁਰਕ ਫੋੜੇ ਆਦਿ ਨਿਕਲ ਔਂਦੇ ਹਨ ਤੇ ਕੱਟਿਆਂ ਪੀੜਾ ਕਰ ਕੇ ਧੀਰਜ ਨਹੀਂ ਧਾਰੀ ਜਾ ਸਕ੍ਯਾ ਕਰਦੀ।

ਫੂਟਤ ਜਿਉ ਗਾਗਰਿ ਪਰਤ ਹੀ ਪਖਾਨ ਪਰਿ ਪਾਹਨ ਪਰਤਿ ਪੁਨਿ ਗਾਗਰਿ ਹਰਤ ਹੈ ।

ਜਿਸ ਤਰ੍ਹਾਂ ਗਾਗਰ ਕਲਸਾ ਘੜਾ ਜੇਕਰ ਪੱਥਰ ਉੱਪਰ ਡਿਗ ਪਵੇ ਤਾਂ ਟੁੱਟ ਜਾਯਾ ਕਰਦਾ ਹੈ, ਤੇ ਫੇਰ ਜੇਕਰ ਪੱਥਰ ਉਸ ਕਲਸੇ ਉੱਤੇ ਵੱਜ ਪਵੇ ਤਾਂ ਭੀ ਕਲਸਾ ਹੀ ਭੱਜਿਆ ਕਰਦਾ ਹੈ ਭਾਵ ਦੋਵੇਂ ਤਰਾਂ ਕਲਸੇ ਦੀ ਹੀ ਸਤ੍ਯਾ ਨਾਸ ਹੁੰਦੀ ਹੈ।

ਤੈਸੇ ਹੀ ਅਸਾਧ ਸੰਗਿ ਪ੍ਰੀਤ ਹੂ ਬਿਰੋਧ ਬੁਰੋ ਲੋਕ ਪਰਲੋਕ ਦੁਖ ਦੋਖ ਨ ਟਰਤ ਹੈ ।੩੮੮।

ਤਿਸੀ ਪ੍ਰਕਾਰ ਹੀ ਅਸਾਧ ਪੁਰਖਾਂ ਸਾਕਤਾਂ ਨਾਲ ਪ੍ਰੀਤੀ ਭੀ ਬੁਰੀ ਹੈ ਤੇ ਬਿਰੋਧ ਵੈਰ ਭੀ ਬੁਰਾ ਹੈ ਜੇ ਪ੍ਰੀਤੀ ਕੀਤੀ ਤਾਂ ਇਸ ਲੋਕ ਵਿਖੇ ਰਜੋ ਓਨਾਂ ਦੀ ਮਨੋਹਾਰ ਵਿਲ ਜੋਈ ਕਰਦਿਆਂ ਦੁੱਖੀ ਹੁੰਦੇ ਰਹੋਗੇ ਜੇ ਵੈਰ ਕੀਤਾ ਤਾਂ ਦੂਖਣਾ ਊਜਾਂ ਦੇ ਦੋਖ ਤੋਂ ਨਹੀਂ ਟਲਿਆ ਜਾਊ। ਐਸਾ ਹੀ ਇਥੇ ਕਰਣੀ ਉਥੇ ਕਰਣੀ ਉਥੇ ਭਰਣੀ, ਵਾਲੇ ਨੇਮ ਮੂਜਬ ਪਰਲੋਕ ਵਿਖੇ ਭੀ ਦੁਖੀ ਤੇ ਦੁਖੀ ਹੀ ਠਹਿਰਾਏ ਜਾਣੋਂ ਨਹੀਂ ਬਚ੍ਯਾ ਜਾ ਸਕੂ। ਤਾਂ ਤੇ ਪ੍ਰੀਤੀ ਵਿਪ੍ਰੀਤੀ ਦੇ ਹਰ ਪ੍ਰਕਾਰ ਦੇ ਬਿਵਹਾਰ ਸਬੰਧੀ ਅਸਾਧਾਂ ਤੋਂ ਸੰਕੋਚ ਹੀ ਧਾਰੀ ਰੱਖੋ ॥੩੮੮॥