ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 268


ਜੈਸੇ ਦਰਪਨ ਬਿਖੈ ਬਦਨੁ ਬਿਲੋਕੀਅਤ ਐਸੇ ਸਰਗੁਨ ਸਾਖੀ ਭੂਤ ਗੁਰ ਧਿਆਨ ਹੈ ।

ਜਿਸ ਭਾਂਤ ਦਰਪਨ ਸ਼ੀਸ਼ੇ ਵਿਚ ਬਦਨੁ ਮੂੰਹ ਦੇਖੀਦਾ ਹੈ ਤਾਂ ਉਸ ਵਿਚੋਂ ਅਸਲੀ ਚਿਹਰੇ ਦਾ ਜ੍ਯੋਂ ਕਾ ਤ੍ਯੋਂ ਆਭਾਸ ਪ੍ਰਤਿਬਿੰਬ ਪ੍ਰਛਾਈਂ ਰੂਪੀ ਚਿਹਰਾ ਪ੍ਰਤੱਖ ਦਿੱਸਨ ਲਗ ਪਿਆ ਕਰਦਾ ਹੈ, ਇਸੇ ਭਾਂਤ ਹੀ ਸਾਖੀ ਭੂਤ ਸਾਖੀ ਸਰੂਪ ਸ਼ੁਧ ਚੈਤੰਨ ਪਰਮਾਤਮ ਤਤ੍ਵ ਰੂਪੀ ਨਿਰਗੁਣ ਸਰੂਪ ਪ੍ਰਗਟੇ ਸਤਿਗੁਰ ਦ੍ਵਾਰੇ ਧਿਆਨ ਹੋ ਆਇਆ ਕਰਦਾ ਹੈ।

ਜੈਸੇ ਜੰਤ੍ਰ ਧੁਨਿ ਬਿਖੈ ਬਾਜਤ ਬਜੰਤ੍ਰੀ ਕੋ ਮਨੁ ਤੈਸੇ ਘਟ ਘਟ ਗੁਰ ਸਬਦ ਗਿਆਨ ਹੈ ।

ਜਿਸ ਪ੍ਰਕਾਰ ਜੰਤੂ ਬਾਜੇ ਸਤਾਰ ਆਦਿ ਦੀ ਧੁਨੀ ਵਿਖੇ ਜੰਤ੍ਰੀ ਬਜਾਵਨ ਹਾਰੇ ਦਾ ਮਨ ਇਕਾਗ੍ਰ ਹੋਇਆ ਹੋਇਆ ਅੰਦਰੋਂ ਬਾਹਰੋਂ ਸ਼ਬਦ ਧੁਨੀ ਤਾਰ ਨਾਲ ਇਕਤਾਰ ਹੋਇਆ ਰਹਿੰਦਾ ਹੈ, ਇਸ ਪ੍ਰਕਾਰ ਹੀ ਘਟ ਘਟ ਰਿਦੇ ਰਿਦੇ ਅੰਦਰ ਨਿਵਾਸ ਰਖਣ ਵਾਲੇ ਗੁਰੂ ਅਗਿਆਨ ਅੰਧਕਾਰ ਨਾਸ਼ਕ ਅੰਤ੍ਰਯਾਮੀ ਚੈਤੰਨ ਦਾ ਗਿਆਨ ਸਾਖ੍ਯਾਤਕਾਰ ਸ਼ਬਦ ਵਿਖੇ ਤਾਰ ਦੇ ਅਭਿਆਸ ਦ੍ਵਾਰੇ ਹੋਇਆ ਕਰਦਾ ਹੈ।

ਮਨ ਬਚ ਕ੍ਰਮ ਜਤ੍ਰ ਕਤ੍ਰ ਸੈ ਇਕਤ੍ਰ ਭਏ ਪੂਰਨ ਪ੍ਰਗਾਸ ਪ੍ਰੇਮ ਪਰਮ ਨਿਧਾਨ ਹੈ ।

ਅਰਥਾਤ ਉਪਰ ਕਥਨ ਕੀਤੇ ਢੰਗ ਨਾਲ ਸਤਿਗੁਰਾਂ ਦੇ ਚਰਣ ਕਮਲਾਂ ਦੇ ਧਿਆਨ ਰੂਪ ਸਰਗੁਣ ਧਿਆਨ ਤਥਾ ਸ਼ਬਦ ਅਭਿਆਸ ਵਿਖੇ ਮਨ ਬਾਣੀ ਸ਼ਰੀਰ ਕਰ ਕੇ ਜਿਧਰੋਂ ਕਿਧਰੋਂ ਮਨਅਰੁ ਸੁਰਤਿ ਨੂੰ ਸਮੇਟਕੇ ਇਕਤ੍ਰ ਹੋ ਜਾਵੇ ਭਾਵ ਇਕ ਤਾਰ ਹੋ ਜਾਵੇ, ਤਾਂ ਪਰਮ ਭੰਡਾਰ ਸਰੂਪ ਪ੍ਰੇਮ ਦਾ ਉਥੇ ਪੂਰਨ ਪ੍ਰਗਾਸ ਜ੍ਯੋਂ ਕਾ ਤ੍ਯੋਂ ਉਦੇ ਹੋਣਾ ਹੋ ਆਇਆ ਕਰਦਾ ਹੈ।

ਉਨਮਨ ਮਗਨ ਗਗਨ ਅਨਹਦ ਧੁਨਿ ਸਹਜ ਸਮਾਧਿ ਨਿਰਾਲੰਬ ਨਿਰਬਾਨ ਹੈ ।੨੬੮।

ਅਤੇ ਇਉਂ ਉਨਮਨੀ ਭਾਵ ਵਿਖੇ ਮਗਨ ਹੋਇਆਂ ਗਗਨ ਦਸਮ ਦ੍ਵਾਰ ਵਿਖੇ ਅਨਹਦ ਧੁਨੀ ਗੂੰਜ ਪਿਆ ਕਰਦੀ ਹੈ, ਜਿਸ ਵਿਚ ਸਹਿਜੇ ਹੀ ਇਸਥਿਤ ਹੋਯਾ ਨਿਰਾਲੰਬ ਧਿਆਨ ਉਪਾਸਨਾ ਆਦਿ ਦੇ ਸਮੂਹ ਆਸਰਿਆਂ ਤਥਾ ਬੰਧਨਾਂ ਤੋਂ ਮੈਂ ਮੇਰੀ ਵਾ ਯਮਨੇਮ ਆਦਿ ਅਨ੍ਯਤ੍ਰ ਸਾਧਨਾ ਦੀਆਂ ਜਕੜਾਂ ਤੋਂ ਰਹਿਤ ਹੋਯਾ ਗੁਰਮੁਖ ਨਿਰਬਾਣ ਜੀਵਨ ਮੁਕਤ ਬਣ ਜਾਇਆ ਕਰਦਾ ਹੈ ॥੨੬੮॥