ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 329


ਜੈਸੇ ਜਲ ਅੰਤਰਿ ਜੁਗੰਤਰ ਬਸੈ ਪਾਖਾਨ ਭਿਦੈ ਨ ਰਿਦੈ ਕਠੋਰ ਬੂਡੈ ਬਜ੍ਰ ਭਾਰ ਕੈ ।

ਜਿਸ ਤਰ੍ਹਾਂ ਪਥਰ ਜੁਗੰਤਰਿ ਜੁਗ ਭਰ ਲਖਾਂ ਬਰਸਾਂ ਤਾਂਈ ਜਲ ਦੇ ਅੰਦਰ ਵਸਦਾ ਟਿਕ੍ਯਾ ਰਹੇ, ਪਰ ਰਿਦੈ ਅੰਦਰੋਂ ਉਹ ਕਠੋਰਤਾ ਕਾਰਣ ਨਹੀਂ ਭਿਜਿਆ ਕਰਦਾ, ਤੇ ਬਜਰ ਭਾਰ ਅਤ੍ਯੰਤ ਭਾਰ ਕਰ ਕੇ ਡੁਬ੍ਯਾ ਹੀ ਰਹਿੰਦਾ ਹੈ।

ਅਠਸਠਿ ਤੀਰਥ ਮਜਨ ਕਰੈ ਤੋਬਰੀ ਤਉ ਮਿਟਤ ਨ ਕਰਵਾਈ ਭੋਏ ਵਾਰ ਪਾਰ ਕੈ ।

ਐਸਾ ਹੀ ਤੂੰਬੀ ਚਾਹੇ ਅਠਾਹਠ ਪ੍ਰਸਿੱਧ ਤੀਰਥਾਂ ਵਿਖੇ ਸਨਾਨ ਕਰਾ ਲਿਆਈਏ, ਤਦ ਭੀ ਭਾਵੇਂ ਉਰਾਰ ਧੋਈਏ ਤੇ ਭਾਵੇਂ ਪਾਰ ਓਸ ਦੀ ਕੁੜੱਤਨ ਨਹੀਂ ਹੀ ਮਿਟ੍ਯਾ ਕਰਦੀ। ਭੋਏ ਪਾਠਾਂਤਰ ਧੋਏ ਦੀ ਥਾਂ ਹੁੰਦਿਆਂ ਅਰਥ ਉਚਾਰ ਚਾਹੇ ਪਾਰ ਭ੍ਯੋਂਵੀਂਏ ਤਾਂ ਭੀ ਉਸ ਦੀ ਕੌੜੱਤਨ ਨਹੀਂ ਹੀ ਮਿਟ੍ਯਾ ਕਰਦੀ।

ਅਹਿਨਿਸਿ ਅਹਿ ਲਪਟਾਨੋ ਰਹੈ ਚੰਦਨਹਿ ਤਜਤ ਨ ਬਿਖੁ ਤਊ ਹਉਮੈ ਅਹੰਕਾਰ ਕੈ ।

ਦਿਨੇ ਰਾਤ ਅਹਿ ਸਰਪ ਚੰਨਣ ਦੇ ਬੂਟੇ ਨੂੰ ਚੰਬੜਿਆ ਰਹਿੰਦਾ ਹੈ ਐਡੀ ਅਤ੍ਯੰਤ ਸੀਤਲਤਾ ਦਾ ਹਰ ਵੇਲੇ ਸਮੀਪੀ ਭੀ ਭਾਵੇਂ ਰਹਿੰਦਾ ਹੈ ਤਦ ਭੀ ਸ਼ੇਖ ਨਾਗ ਦੀ ਕੁਲ ਵਿਚੋਂ ਹੋਣ ਦੇ ਕਾਰਣ ਤਥਾ ਇਛ੍ਯਾਚਾਰੀ ਨਾਗਾਂ ਦੇ ਬੰਸ ਦਾ ਅੰਗ ਹੋਣ ਦੇ ਮਦ ਰੂਪ ਹਊਮੈਂ ਅੰਹਕਾਰ ਤੋਂ ਪ੍ਰਗਟ ਹੋਈ ਵਿਹੁ ਨੂੰ ਨਹੀਂ ਤ੍ਯਾਗਿਆ ਕਰਦਾ।

ਕਪਟ ਸਨੇਹ ਦੇਹ ਨਿਹਫਲ ਜਗਤ ਮੈ ਸੰਤਨ ਕੋ ਹੈ ਦੋਖੀ ਦੁਬਿਧਾ ਬਿਕਾਰ ਕੈ ।੩੨੯।

ਐਹੋ ਜੇਹੇ ਲੋਕ ਅਸਲ ਵਿਚ ਦਿਖਾਵੇ ਦੇ ਪ੍ਰੇਮ ਵਾਲੇ ਹੁੰਦੇ ਹਨ ਤੇ ਆਪ ਹੀ ਦੁਬਿਧਾ ਦ੍ਵੈਤਾ ਵੈਰ ਵਿਰੋਧ ਦਾ ਬਿਕਾਰ ਵਿਗਾੜ = ਬਖੇੜਾ ਖੜਾ ਰੱਖ ਕੇ ਸੰਤ ਜਨਾਂ ਦੇ ਦੋਖੀ ਉਲਟੇ ਸੰਤ ਜਨਾਂ ਸਾਧਾਂ ਉਪਰ ਦੂਸ਼ਣਾ ਅਰੋਪਣ ਕਰਨ ਵਾਲੇ ਬਣਦੇ ਹਨ ਜਿਸ ਕਰ ਕੇ ਇਹ ਮਾਨੋ ਜਗਤ ਅੰਦਰ ਅਫਲ ਹੀ ਜੰਮੇ ਹੁੰਦੇ ਹਨ ॥੩੨੯॥


Flag Counter