ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 500


ਕਤ ਪੁਨ ਮਾਨਸ ਜਨਮ ਕਤ ਸਾਧਸੰਗੁ ਨਿਸ ਦਿਨ ਕੀਰਤਨ ਸਮੈ ਚਲਿ ਜਾਈਐ ।

ਕਦ ਫੇਰ ਮਨੁੱਖਾ ਜਨਮ ਮਿਲਣਾ ਹੈ, ਤੇ ਕਦ ਐਸਾ ਸਮਾਂ ਸਾਧ ਸੰਗਤ ਦਾ ਪ੍ਰਾਪਤ ਹੋਣਾ ਹੈ, ਤਾਂ ਤੇ ਰਾਤ ਦਿਨ ਕੀਰਤਨ ਦੇ ਸਮੇਂ; ਪੁਜਕੇ ਭੀ ਜਾਣਾ ਚਾਹੀਦਾ ਹੈ, ਭਾਵ ਘੌਲ ਨਹੀਂ ਹੋਣੀ ਚਾਹੀਏ।

ਕਤ ਪੁਨ ਦ੍ਰਿਸਟਿ ਦਰਸ ਹੁਇ ਪਰਸਪਰ ਭਾਵਨੀ ਭਗਤਿ ਭਾਇ ਸੇਵਾ ਲਿਵ ਲਾਈਐ ।

ਕਦੋਂ ਫੇਰ ਪਰਸਪਰ ਆਪੋ ਵਿਚ ਨਿਗ੍ਹਾ ਮਿਲਦੇ ਦਰਸ਼ਨ ਦਾ ਮੇਲਾ ਹੋਊ ਭਾਵ ਸਤਿਗੁਰਾਂ ਨੂੰ ਦਰਸ਼ਨ ਦੇਣ ਦਾ ਤੇ ਅਸਾਨੂੰ ਦਰਸ਼ਨ ਕਰਨ ਦਾ ਅਉਸਰ ਕਦ ਪ੍ਰਾਪਤ ਹੋਣਾ ਹੈ? ਤਾਂ ਤੇ ਭਗਤੀ ਭਾਵ ਵਾਲੀ ਭੌਣੀ ਸ਼ਰਧਾ ਨਾਲ ਸੇਵਾ ਵਿਖ ਲਿਵ ਲਗਾਈਏ ਅਰਥਾਤ ਸੇਵਾ ਵਿਚ ਪਰਚੀਏ।

ਕਤ ਪੁਨ ਰਾਗ ਨਾਦ ਬਾਦ ਸੰਗੀਤ ਰੀਤ ਸ੍ਰੀ ਗੁਰ ਸਬਦ ਧੁਨਿ ਸੁਨਿ ਪੁਨਿ ਗਾਈਐ ।

ਕਦੋਂ ਫੇਰ ਬਾਦ ਸਾਜ ਬਾਜ ਦ੍ਵਾਰੇ ਰਾਗਾਂ ਦੀ ਸੁਰ ਵਿਚ ਸੰਗੀਤ ਗਾਯਨ ਵਿਦ੍ਯਾ ਦੀ ਰੀਤੀ ਚਾਲ ਅਨੁਸਾਰ ਸੁਭਾਯਮਾਨ ਗੁਰੂ ਸ਼ਬਦਾਂ ਦੀ ਧੁਨ ਨੂੰ ਸੁਣਾਂ ਤੇ ਨਾਲ ਹੀ ਗਾਵਾਂਗੇ।

ਕਤ ਪੁਨਿ ਕਰਿ ਕਿਰਤਾਸ ਲੇਖ ਮਸੁਵਾਣੀ ਸ੍ਰੀ ਗੁਰ ਸਬਦ ਲਿਖਿ ਨਿਜ ਪਦੁ ਪਾਈਐ ।੫੦੦।

ਮੁੜ ਕਦੋਂ ਕਿਰਤਾਸ ਕਾਗਜ਼ ਰਿਦੇ ਨੂੰ ਬਣਾ ਕੇ ਤ੍ਯਾਰ ਕਰ ਕੇ ਮਤਿ ਮਸ੍ਵਾਨੀ ਸ੍ਯਾਹੀ ਨਾਲ ਸ੍ਰੀ ਗੁਰੂ ਮਹਾਰਾਜ ਦੇ ਸ਼ਬਦ ਗੁਰਮੰਤ੍ਰ ਨੂੰ ਆਪੇ ਦ੍ਵਾਰੇ ਲਿਖਕੇ ਆਤਮ ਪਦ ਪੌਣਾ ਹੋਵੇਗਾ ॥੫੦੦॥