ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 273


ਪ੍ਰਿਥਮ ਹੀ ਤਿਲ ਬੋਏ ਧੂਰਿ ਮਿਲਿ ਬੂਟੁ ਬਾਧੈ ਏਕ ਸੈ ਅਨੇਕ ਹੋਤ ਪ੍ਰਗਟ ਸੰਸਾਰ ਮੈ ।

ਪਹਿਲ ਪ੍ਰਥਮੇ ਇਕ ਤਿਲ ਸੂਖਮ ਮਾਤ੍ਰ ਬੀਜ ਹੀ ਹੁੰਦਾ ਹੈ, ਜਿਸ ਨੂੰ ਬੋਏ ਬੀਜਿਆਂ, ਧੂੜੀ ਮਿੱਟੀ ਵਿਚ ਮਿਲਦੇ ਸਾਰ,ਉਹ ਬੂਟੁ ਬਾਧੈ ਬੂਟਾ ਹੋ ਵਧਦਾ ਹੈ, ਯਾ ਬੂਟੇ ਦੇ ਸਰੂਪ ਵਿਚ ਉਹ ਬਾਧੈ ਬੰਧਾਯਮਾਨ ਗ੍ਰਸਤ ਹੋ ਜਾਂਦਾ ਹੈ, ਅਰਥਾਤ ਬੂਟਾ ਬਣ ਪੈਂਦਾ ਹੈ। ਅਰੁ ਇਸੇ ਤਰ੍ਹਾਂ ਇਕ ਤੋਂ ਅੇਕਾਂ ਬਣ ਕੇ ਸੰਸਾਰ ਵਿਚ ਪ੍ਰਗਟ ਹੋਯਾ ਕਰਦਾ ਹੈ।

ਕੋਊ ਲੈ ਚਬਾਇ ਕੋਊ ਖਾਲ ਕਾਢੈ ਰੇਵਰੀ ਕੈ ਕੋਊ ਕਰੈ ਤਿਲਵਾ ਮਿਲਾਇ ਗੁਰ ਬਾਰ ਮੈ ।

ਕੋਈ ਤਾਂ ਹੁਣ ਇਨਾਂ ਅਨੰਤ ਹੋਏ ਤਿਲਾਂ ਨੂੰ ਲੈ ਲੈ ਕੇ ਚੱਬਦਾ ਹੈ, ਤੇ ਕੋਈ ਇਨਾਂ ਨੂੰ ਛੜਕੇ ਉਪਰਲੀ ਛਿੱਲ ਲਾਹ ਕੇ ਏਨਾਂ ਦੀਆਂ ਰਿਉੜੀਆਂ ਬਣਾਂਦਾ ਹੈ, ਅਤੇ ਕੋਈ ਗੁੜ ਦੇ ਪਾਣੀ ਭਾਵ ਪੱਤ ਯਾ ਚਾਹਣੀ ਵਿਚ ਮਿਲਾ ਕੇ ਤਿਲੌਂਡੇ ਤਿਲ ਮਰੂੰਡੇ ਬਣੌਂਦਾ ਹੈ।

ਕੋਊ ਉਖਲੀ ਡਾਰਿ ਕੂਟਿ ਤਿਲਕੁਟ ਕਰੈ ਕੋਊ ਕੋਲੂ ਪੀਰਿ ਦੀਪ ਦਿਪਤ ਅੰਧਿਆਰ ਮੈ ।

ਐਸਾ ਹੀ ਕੋਈ ਉੱਖਲੀ ਵਿਚ ਪਾ ਕੇ ਇਨਾਂ ਦੀ ਕੁੱਟ ਕੁੱਟ ਕੇ ਤਿਲਕੁੱਟ ਭੁੱਗਾ ਤ੍ਯਾਰ ਕਦਾ ਹੈ ਅਤੇ ਕੋਈ ਕੋਲੂ ਵਿਚ ਪੀੜ ਪੀੜ ਤੇਲ ਏਨਾਂ ਦਾ ਕਢ ਕੇ ਹਨੇਰੇ ਵਿਚ ਦੀਵਿਆਂ ਵਿਖੇ ਪਾ ਪਾ ਬਾਲਦੇ ਹਨ।

ਜਾ ਕੇ ਏਕ ਤਿਲ ਕੋ ਬੀਚਾਰੁ ਨ ਕਹਤ ਆਵੈ ਅਬਿਗਤਿ ਗਤਿ ਕਤ ਆਵਤ ਬੀਚਾਰ ਮੈ ।੨੭੩।

ਜਿਸ ਵਾਹਿਗੁਰੂ ਦੇ ਰਚੇ ਹੋਏ ਇਕ ਨਿਕੇ ਜੇਹੇ ਜੜ੍ਹ ਤਿਲ ਦਾ ਬੀਚਾਰ ਨਿਰਣਾ ਮਰਮ ਨਹੀਂ ਪਾਯਾ ਜਾ ਸਕਦਾ ਕਿ ਉਹ ਕਿਤਨਿਆਂ ਕੂੰ ਕਾਰਜਾਂ ਨੂੰ ਸਾਧ ਸਕਦਾ ਹੈ ਤਦ ਭਲਾ ਓਸ ਵਿਚ ਅਭੇਦ ਹੋ ਚੁੱਕੇ ਗੁਰਮੁਖ ਦੀ ਅਬ੍ਯਕ੍ਤਗਤੀ ਕਿਸ ਪ੍ਰਕਾਰ ਨਿਰਣੇ ਵਿਚ ਆ ਸਕੇ। ਭਾਵ ਅਪਰੰਪਾਰ ਹੈ ॥੨੭੩॥


Flag Counter