ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 58


ਗੁਰਮੁਖਿ ਪੰਥ ਸੁਖ ਚਾਹਤ ਸਕਲ ਪੰਥ ਸਕਲ ਦਰਸ ਗੁਰ ਦਰਸ ਅਧੀਨ ਹੈ ।

ਗੁਰਮੁਖ ਪੰਥ ਗੁਰ ਸਿੱਖੀ ਦੇ ਮਾਰਗ ਦੇ ਸੁਖ ਆਨੰਦ ਨੂੰ ਚਾਹੁੰਦੇ ਹਨ ਪ੍ਰਾਪਤ ਕਰਨਾ ਸਕਲ ਪੰਥ ਸਭ ਦੂਸਰੇ ਮਤ ਮਤਾਂਤਰ ਕ੍ਯੋਂਕਿ ਸਾਰੇ ਦਰਸ਼ਨ ਹੈਨ ਗੁਰੂ ਕੇ ਦਰਸ਼ਨ ਮਤ ਦੇ ਅਧੀਨ ਤਾਬਿਆ ਇਸ ਵਾਸਤੇ ਕਿ ਪੂਰਨ ਬ੍ਰਹਮ ਨੇ ਆਪ ਗੁਰੂ ਅਵਤਾਰ ਲੈ ਕੇ ਇਸ ਮਤ ਨੂੰ ਚਲਾਇਆ ਹੈ ਤੇ ਦੂਸਰੇ ਮਤ ਹਨ ਚਲਾਏ ਹੋਏ ਓਸ ਦੇ ਰਿਖੀਆਂ ਮਹਾਤਮਾ ਦੇ ਅੰਕ ਵਾ ਦੇ ਇਉਂ ਭੀ ਅਰਥ ਕੀਤੇ ਜਾ ਸਕਦੇ ਹਨ:ਕਿ ਸਾਰੇ ਲੋਕ ਚਾਹੁੰਦੇ ਹਨ ਦਰਸ਼ਨ ਸਤਿਗੁਰਾਂ ਦਾ, ਕ੍ਯੋਂਕਿ ਗੁਰੂ ਦੇ ਦਰਸ਼ਨ ਦੇ ਅਧੀਨ ਤਾਬਿਆ ਹਨ ਸਾਰੇ ਦਰਸ਼ਨ ਦੇਵੀਆਂ ਦੇਵਤਿਆਂ ਆਦਿ ਦੇ ਸਤਿਗੁਰਾਂ ਦੇ ਪੂਰਨ ਬ੍ਰਹਮ ਦਾ ਸਾਖ੍ਯਾਤ ਅਵਤਾਰ ਹੋਣ ਕਰ ਕੇ ਅਥਵਾ ਸਭ ਦਰਸ਼ਨ ਓਸ ਨੂੰ ਪ੍ਰਾਪਤ ਹੋ ਜਾਂਦੇ ਹਨ, ਜਿਸ ਨੇ ਗੁਰੂ ਕੇ ਦਰਸ਼ਨ ਕਰ ਲਏ।

ਸੁਰ ਸੁਰਸਰਿ ਗੁਰ ਚਰਨ ਸਰਨ ਚਾਹੈ ਬੇਦ ਬ੍ਰਹਮਾਦਿਕ ਸਬਦ ਲਿਵ ਲੀਨ ਹੈ ।

ਐਸਾ ਹੀ ਸੁਰ ਦੇਵਤੇ ਸੁਰਸਰਿ ਗੰਗਾ ਆਦਿ ਸਮੂਹ ਤੀਰਥ ਚਾਹੁੰਦੇ ਹਨ ਸਤਿਗੁਰਾਂ ਦੇ ਚਰਣਾਂ ਦੀ ਸਰਣ। ਵਾ ਸਤਿਗੁਰਾਂ ਦੀ ਚਰਣ ਸਰਣ ਪ੍ਰਾਪਤ ਹੋਇਆਂ ਉਸ ਗੁਰਮੁਖ ਨੂੰ ਸਭ ਤੀਰਥ ਹੀ ਲੋਚਨ ਲਗ ਪੈਂਦੇ ਹਨ ਐਡਾ ਪਰਮ ਪਵਿਤ੍ਰ ਉਹ ਹੋ ਜਾਂਦਾ ਹੈ। ਅਤੇ ਬੇਦ ਰਿਗ ਜੁਜਰ ਸਾਮ ਅਥਰਵਨ ਭੀ ਬ੍ਰਹਮਾ ਆਦਿਕਾਂ ਸਮੇਤ ਸ਼ਬਦ ਗੁਰੂ ਦੀ ਉਸਤਤੀ ਵਿਚ ਲਿਵ ਲੀਨ ਮਗਨ ਹਨ। ਅਥਵਾ ਜੋ ਸਬਦ ਵਿਚ ਮਗਨ ਹੋ ਜਾਵੇ ਓਸ ਨੂੰ ਬ੍ਰਹਮਾ ਆਦਿਕ ਤਥਾ ਬੇਦ ਭੀ ਸਲਾਹੁਣ ਲੱਗ ਜਾਂਦੇ ਹਨ।

ਸਰਬ ਗਿਆਨਿ ਗੁਰੁ ਗਿਆਨ ਅਵਗਾਹਨ ਮੈ ਸਰਬ ਨਿਧਾਨ ਗੁਰ ਕ੍ਰਿਪਾ ਜਲ ਮੀਨ ਹੈ ।

ਤਿਸੀ ਪ੍ਰਕਾਰ ਗੁਰੂ ਮਹਾਰਾਜ ਦੇ ਗ੍ਯਾਨ ਦੇ ਅਵਗਾਹਨ ਥੌਹ ਲਗਾਨ ਵਿਖੇ ਸਰਬ ਗ੍ਯਾਨ ਜੁੱਟੇ ਰਹਿੰਦੇ ਹਨ ਵਾ ਗੁਰੂ ਗ੍ਯਾਨ ਨੂੰ ਜਿਸ ਨੇ ਅਵਗਾਹਨ ਕਰ ਕਮਾ ਲਿਆ ਓਸ ਨੂੰ ਸਭ ਪ੍ਰਕਾਰ ਦਾ ਗ੍ਯਾਨ ਆਪ ਤੇ ਆਪ ਹੀ ਆਣ ਪ੍ਰਾਪਤ ਹੁੰਦਾ ਹੈ। ਅਤੇ ਸਰਬ ਨਿਧਾਨ ਸਭ ਪ੍ਰਕਾਰ ਦੀਆਂ ਨਿਧੀਆਂ ਵਾ ਭੰਡਾਰੇ ਰੂਪ ਸਿੱਧੀਆਂ ਗੁਰੂ ਦੀ ਕ੍ਰਿਪਾ ਨਾਲ ਐਉਂ ਪ੍ਰਾਪਤ ਹੁੰਦੇ ਹਨ ਜੀਕੂੰ ਜਲ ਅਰੁ ਮਛਲੀ ਹੁੰਦੀ ਹੈ ਭਾਵ ਜਲ ਮਛਲੀ ਦੇ ਘਨੇ ਸਬੰਧ ਵਤ ਗੁਰੂ ਕ੍ਰਿਪਾ ਦੇ ਪ੍ਰਭਾਵ ਕਰ ਕੇ ਇਸ ਮਾਰਗ ਵਿਖੇ ਸਭ ਰਿਧੀਆਂ ਸਿੱਧੀਆਂ ਅਰੁ ਨਿਧੀਆਂ ਸੁਤੇ ਹੀ ਅਵਸ਼੍ਯ ਪ੍ਰਾਪਤ ਹੋ ਜਾਯਾ ਕਰਦੀਆਂ ਹਨ।

ਜੋਗੀ ਜੋਗ ਜੁਗਤਿ ਮੈ ਭੋਗੀ ਭੋਗ ਭੁਗਤਿ ਮੈ ਗੁਰਮੁਖਿ ਨਿਜ ਪਦ ਕੁਲ ਅਕੁਲੀਨ ਹੈ ।੫੮।

ਇਨਾਂ ਸਭ ਵਿਸ਼ੇਸ਼ਤਾਈਆਂ ਤੋਂ ਛੁੱਟ ਹੋਰ ਭੀ ਵਾਧਾ ਇਹ ਹੈ ਕਿ ਜੋਗ ਜੁਗਤੀ ਮੈਂ ਜੋਗ ਰੀਤੀ ਵਿਖੇ ਨਿਪੁੰਨ ਓਸ ਅਨੁਸਾਰ ਵਾਹਗੁਰੂ ਵਿਚ ਜੁਟਨ ਜੁੜੇ ਰਹਿਣ ਵਾਲਾ ਹੋਣ ਕਾਰਣ ਤਾਂ ਉਹ ਜੋਗੀ ਹੁੰਦਾ ਹੈ, ਤੇ ਭੋਗ ਭੁਗਤਿ ਮੈ ਸੰਸਾਰੀ ਪ੍ਰਭਤਾ ਵਾ ਸੁਖਾਂ ਦੇ ਭੋਗਨ ਮਾਨਣ ਵਿਖੇ ਉਹ ਭੋਗੀ ਵਿਭੂਤੀ ਵਾਨ ਪ੍ਰਭੁਤਾ ਵਾਲਾ ਹੁੰਦਾ ਹੈ। ਤੇ ਉਂਞ ਉਹ ਗੁਰਮੁਖ, ਨਿਜ ਪਦ ਆਤਮ ਪਦ ਵਿਖੇ ਵਿਸਰਾਮ ਪਾ ਕੇ ਦੇਹ ਅਧ੍ਯਾਸ ਤੋਂ ਰਹਿਤ ਹੋਇਆ ਹੋਇਆ ਕੁਲ ਜਾਤੀ ਗੋਤ ਆਦਿ ਵੱਲੋਂ ਅਕੁਲੀਨ ਹੁੰਦਾ ਹੈ, ਭਾਵ ਇਕ ਗੁਰੂ ਕਾ ਸਿੱਖ ਬਣ ਕੇ ਹੋਰਨਾ ਜਾਤਾਂ ਪਾਤਾਂ ਤੋਂ ਸਮੂਲਚਾ ਛੁੱਟ ਜਾਂਦਾ ਹੈ ॥੫੮॥


Flag Counter