ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 324


ਦਮਕ ਦੈ ਦੋਖ ਦੁਖੁ ਅਪਜਸ ਲੈ ਅਸਾਧ ਲੋਕ ਪਰਲੋਕ ਮੁਖ ਸਿਆਮਤਾ ਲਗਾਵਹੀ ।

ਭੈੜੇ ਆਦਮੀ ਤੇਜ ਪ੍ਰਤਾਪ ਪ੍ਰਤਿਸ਼ਟਾ ਰੂਪ ਦਮਕ ਨੂੰ ਦੈ ਅਰਪ ਕੇ ਓਸ ਦੇ ਬਦਲੇ ਔਗੁਣ, ਦੁਖ, ਤੇ ਅਪਕੀਰਤੀ ਨਿੰਦ੍ਯਾ ਨੂੰ ਲੈ ਲੈਂਦੇ ਸਹੇੜਦੇ ਹਨ ਜਿਸ ਕਰ ਕੇ ਲੋਕ ਪਰਲੋਕ ਵਿਖੇ ਓਨਾਂ ਦੇ ਮੂੰਹ ਤੇ ਕਾਲਕ ਹੀ ਲਗਿਆ ਕਰਦੀ ਹੈ, ਭਾਵ ਓਨਾ ਦੀ ਜਿੰਦਗੀ ਲੋਕ ਪਰਲੋਕ ਅੰਦਰ ਕਲੰਕੀ ਮੰਨੀ ਜਾਯਾ ਕਰਦੀ ਹੈ।

ਚੋਰ ਜਾਰ ਅਉ ਜੂਆਰ ਮਦਪਾਨੀ ਦੁਕ੍ਰਿਤ ਸੈਂ ਕਲਹ ਕਲੇਸ ਭੇਸ ਦੁਬਿਧਾ ਕਉ ਧਾਵਹੀ ।

ਇਸੇ ਤਰ੍ਹਾਂ ਚੋਰ ਪਰਾਏ ਮਾਲ ਨੂੰ ਚੁਰਾਨਹਾਰੇ, ਯਾਰ ਪਰ ਇਸਤ੍ਰੀਆਂ ਨਾਲ ਨੇਹੁ ਲਗਾਨਹਾਰੇ ਬਿਭਚਾਰੀ ਲੋਗ, ਅਤੇ ਜੂਆ ਖੇਡਨ ਵਾਲੇ ਤਥਾ ਮਤ ਸ਼ਰਾਬ ਦੇ ਪੀਨਹਾਰੇ, ਦੁਕ੍ਰਿਤ ਸੈਂ ਭੈੜੀਆਂ ਕਰਤੂਤਾਂ ਪਾਪਾਂ ਦੇ ਕਰਨ ਕਰ ਕੇ ਕਲਹ ਲੜਾਈ ਤੇ ਕਲੇਸ਼ ਬਖੇੜੇ ਖੜੇ ਕਰਨ ਵਾਲਿਆਂ ਅਤੇ ਦੁਬਿਧਾ ਵਿਰੋਧ ਉਤਪੰਨ ਕਰਣਹਾਰਿਆਂ ਭੇਸਾਂ ਸਾਂਗਾਂ ਨੂੰ ਧਾਰਣ ਵੱਲ ਹੀ ਦੌੜ੍ਯਾ ਕਰਦੇ ਹਨ। ਭਾਵ ਓਹੋ ਓਹੋ ਜੇਹੀਆਂ ਕਰਤੂਤਾਂ ਕਰਦੇ ਤੇ ਵ੍ਯੋਂਤਾਂ ਅਤੇ ਬਣੌਟਾਂ ਉਹ ਢਾਲ੍ਯਾ ਕਰਦੇ ਹਨ, ਜਿਹੜੀਆਂ ਕਲਹ ਕਲੇਸ਼ ਅਤੇ ਦੁਬਿਧਾ ਹੀ ਖੜੀਆਂ ਕਰਨ ਵਾਲੀਆਂ ਹੋਣ।

ਮਤਿ ਪਤਿ ਮਾਨ ਹਾਨਿ ਕਾਨਿ ਮੈ ਕਨੋਡੀ ਸਭਾ ਨਾਕ ਕਾਨ ਖੰਡ ਡੰਡ ਹੋਤ ਨ ਲਜਾਵਹੀ ।

ਇਉਂ ਮਤਿ ਸ੍ਯਾਂਣਪ ਤੇ ਪਤਿ ਪ੍ਰਤਿਸ਼ਟਾ ਤਥਾ ਮਾਨ ਆਦਰ ਭਾ ਨੂੰ ਸਭ ਤਰ੍ਹਾਂ ਹਾਨਿ ਗੁਵਾ ਕੇ ਕਾਨਿ ਮੇਂ ਆਨ ਸ਼ਾਨ ਵੱਲੋਂ ਭੀ ਜੋ ਸਭਾ ਤੇ ਕਨੌਡੀ ਕਲੰਕੀ ਮੁਖ ਚੋਰ ਹੋ ਚੁੱਕੇ ਹਨ ਅਰਥਾਤ ਸਭਾ ਵਿਚ ਸੰਕੋਚ ਸੰਗਾ ਨਾਲ ਗਰ ਕੇ ਹੋਏ ਹੋਣ ਤੇ ਭੀ ਨੱਕ ਕੰਨ ਕਟੇ ਸਮਾਨ ਡੰਡੀ ਦੰਡੇ ਹੋਏ ਲੱਜਾ ਸ਼ਰਮ ਨੂੰ ਨਹੀਂ ਮੰਨਿਆ ਕਰਦੇ।

ਸਰਬ ਨਿਧਾਨ ਦਾਨਦਾਇਕ ਸੰਗਤਿ ਸਾਧ ਗੁਰਸਿਖ ਸਾਧੂ ਜਨ ਕਿਉ ਨ ਚਲਿ ਆਵਹੀ ।੩੨੪।

ਸਰਬੰਸ ਗੁਵਾਨ, ਅਪਕੀਰਤੀ ਕਰਾਣ ਤਥਾ ਦੰਡ ਆਦਿ ਦੁਵਾਨ ਦਾ ਪ੍ਰਤੱਖ ਕਾਰਨ ਜਾਣਕ ਭੀ, ਜਦ ਭੈੜੇ ਅਸਾਧੂ ਪੁਰਖ ਅਪਣੀਆਂ ਮਨਮਤ ਤਾਈਆਂ ਨੂੰ ਨਹੀਂ ਤ੍ਯਾਗ ਦੇ ਤਾਂ ਸੰਪੂਰਣ ਸੁਖ ਦਿਆਂ ਭੰਡਾਰਿਆਂ ਦੀਆਂ ਬਖਸ਼ਸ਼ਾਂ ਦਾਤੀ ਸਾਧ ਸੰਗਤ ਦੇ ਪੱਖੀ ਹੋ ਕੇ ਗੁਰੂ ਕੇ ਸਿੱਖ ਸਾਧੂ ਜਨ ਭਲੇ ਪੁਰਖ ਗੁਰਮੁਖ ਸੇਵਕ ਕ੍ਯੋ ਉਤਸ਼ਾਹੀ ਹੋ ਹੋ ਕੇ ਨਹੀਂ ਚਲ ਚਲ ਕੇ ਔਂਦੇ ਭਾਵ ਓਨਾਂ ਭੈੜਿਆਂ ਕੋਲੋਂ ਕ੍ਯੋਂ ਨਿਘਰਦੇ ਹਨ। ਜਦ ਉਹ ਬਰਬਾਦੀ ਦੇ ਰਾਹ ਪੈ ਕੇ ਅਪਣੇ ਪੱਖ ਵਿਚ ਮਰ ਮਿਟਨਾ ਪ੍ਰਵਾਣ ਕਰਦੇ ਹਨ, ਤਾਂ ਕੀਹ ਸਦਾ ਹੀ ਅਬਾਦੀ ਵਾਲੇ ਅਗੰਮ ਪੁਰੇ ਦੇ ਮਾਰਗ ਵਿਖੇ ਪੈਰ ਧਰ ਕੇ ਗੁਰਸਿਖਾਂ ਸਾਧਾਂ ਨੂੰ ਅਪਣੇ ਪੱਖ ਸਿਰ ਪ੍ਰੇਮ ਖਾਤਰ ਨਾ ਮਰ ਮਿਟਨ ਦੀ ਸ਼ਰਮ ਹੈ ॥੩੨੪॥


Flag Counter