ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 276


ਪੂਰਨ ਬ੍ਰਹਮ ਗੁਰ ਪੂਰਨ ਕ੍ਰਿਪਾ ਕੈ ਦੀਨੋ ਸਾਚੁ ਉਪਦੇਸੁ ਰਿਦੈ ਨਿਹਚਲ ਮਤਿ ਹੈ ।

ਪੂਰੇ ਗੁਰਾਂ ਨੇ ਪੂਰਨ ਬ੍ਰਹਮ ਪ੍ਰਾਪਤੀ ਖਾਤਰ ਸਤ੍ਯ ਉਪਦੇਸ਼ ਸਤ੍ਯਨਾਮ ਦਾ ਦਾਨ ਕ੍ਰਿਪਾ ਕਰ ਕੇ ਦਿੱਤਾ, ਤਾਂ ਰਿਦੇ ਅੰਦਰ ਮਤਿ ਸ੍ਯਾਣਪਾਂ ਚਤੁਰਾਈਆਂ ਦੇ ਮਾਨ ਮੱਤੀ ਬੁੱਧੀ ਜੋ ਹਰ ਸਮੇਂ ਸੰਸਾਰ ਭਰ ਦੀਆਂ ਵਿਦ੍ਯਾ ਸ੍ਯਾਣਪਾਂ ਅਰੁ ਹੁਨਰ ਆਦਿ ਸਿੱਖਨ ਲਈ ਟਪੂੰ ਟਪੂੰ ਕਰਦੀ ਰਹਿੰਦੀ ਸੀ, ਅਚੱਲ ਅਡੋਲ ਥਿਰ ਹੋ ਗਈ।

ਸਬਦ ਸੁਰਤਿ ਲਿਵ ਲੀਨ ਜਲ ਮੀਨ ਭਏ ਪੂਰਨ ਸਰਬਮਈ ਪੈ ਘ੍ਰਿਤ ਜੁਗਤਿ ਹੈ ।

ਤੇ ਇਸੇ ਕਰ ਕੇ ਹੀ ਸ਼ਬਦ ਵਿਖੇ ਸੁਰਤਿ ਦੀ ਲਿਵ ਲੱਗ ਕੇ ਜਲ ਵਿਚ ਮਛਲੀ ਸਮਾਨ ਲੀਨ ਮਗਨ ਹੋ ਜਾਈਦਾ ਹੈ, ਅਰੁ ਜੀਕੂੰ ਪੈ ਦੁਧ ਵਿਚ ਘ੍ਰਿਤ ਘਿਉ ਜੁਗਤਿ ਮਿਲ੍ਯਾ ਹੋ੍ਯਾ ਹੁੰਦਾ ਹੈ, ਤੀਕੂੰ ਹੀ ਸਰਬ ਸਰੂਪੀ ਪੂਰਨ ਪਰਮਾਤਮਾ ਸਾਰੇ ਰਮਿਆ ਹੋਇਆ ਸਾਮਰਤੱਖ ਦ੍ਰਿਸ਼ਟ ਔਣ ਲਗ ਪੈਂਦਾ ਹੈ।

ਸਾਚੁ ਰਿਦੈ ਸਾਚੁ ਦੇਖੈ ਸੁਨੈ ਬੋਲੈ ਗੰਧ ਰਸ ਸਪੂਰਨ ਪਰਸਪਰ ਭਾਵਨੀ ਭਗਤਿ ਹੈ ।

ਐਸੇ ਗੁਰਮੁਖ ਦੇ ਹਿਰਦੇ ਅੰਦਰ ਭੀ ਸਾਚੁ ਸਤ੍ਯ ਸਰੂਪੀ ਪਰਮਾਤਮਾ ਦੀ ਹੀ ਜੋਤ ਲਟ ਲਟ ਕਰਦ ਪ੍ਰਤੀਤ ਹੋਯਾ ਕਰਦੀ ਹੈ, ਅਤੇ ਜੋ ਕੁਛ ਰੂਪਵਾਨ ਦ੍ਰਿਸ਼੍ਯ ਪਾਰਥ ਦਿਖਾਈ ਦਿੰਦੇ, ਅਥਵਾ ਕੰਨਾਂ ਕਰ ਕੇ ਸੁਨਣ ਵਿਚ ਔਂਦੇ, ਯਾ ਰਸਨਾ ਦ੍ਵਾਰਾ ਜਿਨਾਂ ਦੀ ਚਰਚਾ ਬਾਰਤਾ ਕੀਤੀ ਜਾਂਦੀ ਹੈ ਤਥਾ ਨਾਸਾਂ ਦ੍ਵਾਰਾ ਸੁੰਘੀਨ ਜੋਗ ਵਸਤੂਆਂ, ਅਰੁ ਰਸ ਰਸਨਾ ਦ੍ਵਾਰੇ ਗ੍ਰਹਣ ਜੋਗ ਸ੍ਵਾਦ ਵੰਤ ਪਦਾਰਥ, ਇਨਾਂ ਸਭਨਾਂ ਵਿਖੇ ਪਰਸਪਰ ਇਕ ਦੂਏ ਸਭ ਵਿਚ ਹੀ ਪ੍ਰੀਪੂਰਣ ਸਰੂਪ ਦੀ ਭਾਵਨੀ ਭੌਣੀ ਸ਼ਰਧਾ ਉਪਜਦੀ ਹੈ। ਬਸ ਏਹੋ ਹੀ ਗੁਰਮੁਖ ਦੀ ਪੂਰਨ ਭਗਤੀ ਗਿਆਨ ਮਈ ਦ੍ਰਿਸ਼ਟੀ ਦਾ ਪ੍ਯਾਰ ਹੈ।

ਪੂਰਨ ਬ੍ਰਹਮ ਦ੍ਰੁਮੁ ਸਾਖਾ ਪਤ੍ਰ ਫੂਲ ਫਲ ਏਕ ਹੀ ਅਨੇਕ ਮੇਕ ਸਤਿਗੁਰ ਸਤਿ ਹੈ ।੨੭੬।

ਜੀਕੂੰ ਸ਼ਾਖਾਂ ਟਾਹਣੀਅ, ਪਤ੍ਰਾਂ, ਫੁੱਲਾਂ ਤਥਾ ਫਲਾਂ ਵਿਖੇ ਇਕ ਮਾਤ੍ਰ ਦ੍ਰੁਮ ਬਿਰਛ ਦੀ ਹੀ ਸਤ੍ਯਾ ਪ੍ਰੀਪੂਰਣ ਹੁੰਦੀ ਹੈ, ਤੀਕੂੰ ਹੀ ਇਕ ਮਾਤ੍ਰ ਪੂਰਨ ਬ੍ਰਹਮ ਦੀ ਸੱਤਾ ਹੀ ਅਨੇਕ ਸਮੂਹ ਪਦਾਰਥਾਂ ਵਿਖੇ ਮੇਕ ਮਿਲੀ ਹੋਈ ਰਮੀ ਹੋਈ ਹੈ ਤੇ ਏਹੋ ਹੀ ਸਰਬ ਬ੍ਯਾਪੀ ਸੱਤਾ ਸਤਿਗੁਰੂ ਸਰੂਪ ਹੈ ॥੨੭੬॥