ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 492


ਚਕਈ ਚਕੋਰ ਅਹਿਨਿਸਿ ਸਸਿ ਭਾਨ ਧਿਆਨ ਜਾਹੀ ਜਾਹੀ ਰੰਗ ਰਚਿਓ ਤਾਹੀ ਤਾਹੀ ਚਾਹੈ ਜੀ ।

ਚਕਵੀ ਅਹਿ ਦਿਨ ਦੇ ਸਮੇਂ ਭਾਨ ਸੂਰਜ ਨੂੰ ਹੀ ਧਿਆਨ ਵਿਚ ਲਿਆਯਾ ਤਾਂਘਿਆ ਕਰਦੀ ਹੈ ਅਤੇ ਚਕੋਰ ਨਿਸ ਰਾਤ ਨੂੰ ਚੰਦ ਦਾ ਹੀ ਅਰਾਧਨ ਕਰਦਾ ਹੈ ਸੋ ਜਿਹੜੇ ਜਿਹੜੇ ਰੰਗ ਪਰਚੇ ਵਿਚ ਕੋਈ ਰਚ ਗਿਆ ਓਸੇ ਓਸੇ ਨੂੰ ਹੀ ਉਹ ਚਾਹਿਆ ਕਰਦਾ ਹੈ।

ਮੀਨ ਅਉ ਪਤੰਗ ਜਲ ਪਾਵਕ ਪ੍ਰਸੰਗਿ ਹੇਤ ਟਾਰੀ ਨ ਟਰਤ ਟੇਵ ਓਰ ਨਿਰਬਾਹੈ ਜੀ ।

ਮਛਲੀ ਅਤੇ ਪਤੰਗੇ ਦਾ ਹਿਤ ਪਿਆਰ ਜਲ ਅਰੁ ਪਾਵਕ ਅਗਨੀ ਦੇ ਪ੍ਰਸੰਗ ਮੇਲ ਨਾਲ ਹੈ, ਅਰਥਾਤ ਮੱਛੀ ਸਦਾ ਜਲ ਦਾ ਮੇਲ ਚਹੁੰਦੀ ਹੈ ਤੇ ਪਤੰਗਾ ਅੱਗ ਦੀ ਲਾਟ ਦਾ ਇਹ ਓਨਾਂ ਦੀ ਟੇਵ ਵਾਦੀ ਟਾਲੀ ਹੋਈ ਨਹੀਂ ਟਲਿਆ ਕਰਦੀ; ਅਰੁ ਓਰ ਓੜਕ ਪ੍ਰਜੰਤ ਹੀ ਉਹ ਏਸ ਨੂੰ ਨਿਬਾਹ ਦਿੰਦੇ ਹਨ।

ਮਾਨਸਰ ਆਨ ਸਰ ਹੰਸੁ ਬਗੁ ਪ੍ਰੀਤਿ ਰੀਤਿ ਉਤਮ ਅਉ ਨੀਚ ਨ ਸਮਾਨ ਸਮਤਾ ਹੈ ਜੀ ।

ਮਾਨਸਰੋਵਰ ਨਾਲ ਹੰਸਾਂ ਦੀ ਪ੍ਰੀਤੀ ਹੈ ਤੇ ਆਨ ਸਰਾਂ ਉਪਰ ਭਟਕਨਾ ਬਗਲ੍ਯਾਂ ਦੀ ਰੀਤੀ ਹੈ, ਇਸੇ ਕਰ ਕੇ ਹੀ ਹੰਸ ਉਤਮ ਹਨ ਅਤੇ ਬਗਲੇ ਨੀਚ। ਕ੍ਯੋਂ ਜੁ ਨਾ ਤਾਂ ਦਰਜੇ ਵਿਚ ਹੀ ਸਮਾਨ ਇਕ ਬ੍ਰੋਬਰ ਹਨ ਤੇ ਨਾ ਹੀ ਖੁਰਾਕ ਦੇ ਕਾਰਣ ਓਨਾਂ ਦੀ ਸਮਤਾ ਬ੍ਰੋਬਰੀ ਹੈ।

ਤੈਸੇ ਗੁਰਦੇਵ ਆਨ ਦੇਵ ਸੇਵਕ ਨ ਭੇਦ ਸਮਸਰ ਹੋਤ ਨ ਸਮੁੰਦ੍ਰ ਸਰਤਾ ਹੈ ਜੀ ।੪੯੨।

ਤਿਸੀ ਪ੍ਰਕਾਰ ਗੁਰੂਦੇਵ ਤਥਾ ਆਨ ਦੇਵਤਾ ਦੇ ਸੇਵਕਾਂ ਵਿਚ ਆਪਸ ਵਿਖੇ ਭਿੰਨ ਭੇਦ ਹੈ ਜੀਕੂੰ ਕਿ ਸਮੁੰਦ੍ਰ ਤੇ ਤਾਲਾਬ ਸਮਸਰ ਨਹੀਂ ਹੁੰਦੇ ਅਥਵਾ ਸਮੁੰਦ੍ਰ ਤੇ ਸਰਿਤਾ ਨਦੀ ਏਕੂੰ ਹੀ ਗੁਰ ਸਿਖਾਂ ਨੂੰ ਆਨ ਦੇਵ ਸੇਵਕ ਕਿਸੇ ਤਰ੍ਹਾਂ ਨਹੀਂ ਪੁਗ ਸਕਦੇ ॥੪੯੨॥


Flag Counter