ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 192


ਗੁਰਸਿਖ ਏਕਮੇਕ ਰੋਮ ਨ ਪੁਜਸਿ ਕੋਟਿ ਹੋਮ ਜਗਿ ਭੋਗ ਨਈਬੇਦ ਪੂਜਾਚਾਰ ਹੈ ।

ਗੁਰੂ ਨਾਲ ਇਕ ਮਿੱਕ ਮਿਲ ਕੇ ਇਕ ਰੂਪ ਹੋ ਚੁੱਕੇ ਗੁਰ ਸਿੱਖ ਦੇ ਰੋਮ ਮਾਤ੍ਰ ਨੂੰ ਭੀ ਨਹੀਂ ਪੁਜ ਸਕਦੇ ਹਨ, ਕ੍ਰੋੜਾਂ ਵਾਰ ਕੀਤੇ ਹੋਏ ਹਮਨ ਯਗ੍ਯ ਬ੍ਰਹਮ ਭੋਜ ਤਥਾ ਦੇਵਤਾ ਅਰਪਿਤ ਭੇਟਾ ਅਰੁ ਪੂਜਾ ਅਰਚਾ ਰੂਪ ਸਾਧਨ।

ਜੋਗ ਧਿਆਨ ਗਿਆਨ ਅਧਿਆਤਮ ਰਿਧਿ ਸਿਧਿ ਨਿਧੋ ਜਪ ਤਪ ਸੰਜਮਾਦਿ ਅਨਿਕ ਪ੍ਰਕਾਰ ਹੈ ।

ਐਸਾ ਹੀ ਕ੍ਰੋੜਾਂ ਗੁਣਾਂ ਸਾਧੇ ਹੋਏ ਨਹੀਂ ਪੁਜ ਸਕਦੇ ਓਸ ਦੇ ਵਾਲ ਭਰ ਨੂੰ, ਅਨੇਕ ਪ੍ਰਕਾਰ ਦੇ ਜੋ ਹਠ, ਮੰਤ੍ਰ ਲਯ ਤਥਾ ਰਾਜ ਜੋਗ ਰੂਪ ਚਾਰੇ ਜੋਗ ਹਨ, ਵ ਸਰਗੁਨ ਨਿਰਗੁਣ ਸਰੂਪੀ ਧਿਆਨ। ਤਥਾ ਆਤਮਾ ਨੂੰ ਆਸ੍ਰੇ ਕਰਣ ਹਾਰਾ ਪਰ ਅਪਰ ਰੂਪ ਗਿਆਨ ਅਰੁ ਰਿਧੀਆਂ, ਸਿਧੀਆਂ ਅਉ ਅਤੇ ਨਿਧੀਆਂ ਭੀ ਨਹੀਂ ਪੁਜ ਸਕਦੀਆਂ। ਅਥਵਾ ਰਾਜਸ ਤਾਮਸ ਸਾਤਕ ਮੰਤ੍ਰਾਂ ਦੇ ਜਪ ਅਰੁ ਤਪ ਵਾ ਸੰਯਮ ਬਰਤ ਅਦਿ ਜੋ ਧਾਰਣੇ ਹਨ ਇਹ ਭੀ ਨਹੀਂ ਪੁਜ ਸਕਦੇ।

ਸਿੰਮ੍ਰਿਤਿ ਪੁਰਾਨ ਬੇਦ ਸਾਸਤ੍ਰ ਅਉ ਸਾਅੰਗੀਤ ਸੁਰਸਰ ਦੇਵ ਸਬਲ ਮਾਇਆ ਬਿਸਥਾਰ ਹੈ ।

ਸਤਈ ਸਿੰਮ੍ਰਤੀਆਂ, ਅਠਾਰਾਂ ਪੁਰਾਣ ਚਾਰੋਂ ਬੇਦ, ਛੀਏ ਸ਼ਾਸਤ੍ਰ ਅਰੁ ਰਾਗ ਵਿਦ੍ਯਾ, ਗੰਗਾ, ਦੇਵ ਈਸ਼੍ਵਰ ਜੋ ਮਾਯਾ ਸਬਲ ਹੈ। ਵਾ ਸਥਲ ਪਾਠ ਹੋਵੇ ਤਾਂ ਦੇਵ ਮੰਦਰ ਜੋ ਮਾਯਾ ਦਾ ਪਸਾਰਾ ਮਾਤ੍ਰ ਹਨ ਅਥਵਾ ਸਮੂਹ ਮਾਯਾ ਦਾ ਠਾਠ ਰੂਪ ਪ੍ਰਪੰਚ ਪਸਾਰਾ ਭੀ ਨਹੀਂ ਗੁਰ ਸਿਖ ਦੇ ਰਮੋ ਦੀ ਸਮਤਾ ਲਿਆ ਸਕਦੇ, ਚਾਹੇ ਉਹ ਕ੍ਰੋੜਾਂ ਗੁਣਾਂ ਹੋ ਕੇ ਆਵਨ।

ਕੋਟਨਿ ਕੋਟਾਨਿ ਸਿਖ ਸੰਗਤਿ ਅਸੰਖ ਜਾ ਕੈ ਸ੍ਰੀ ਗੁਰ ਚਰਨ ਨੇਤ ਨੇਤ ਨਮਸਕਾਰ ਹੈ ।੧੯੨।

ਐਹੋ ਜੇਹਿਆਂ ਕ੍ਰੋੜਾਂ ਕੋਟੀਆਂ ਸਿੱਖਾਂ ਦੀ ਅਨਗਿਣਤ ਸੰਗਤ ਜਿਸ ਸਤਿਗੁਰੂ ਦੀ ਹੈ, ਅਨੰਤ ਅਨੰਤ ਵਾਰ ਓਸ ਦੇ ਚਰਣਾਂ ਕਮਲਾਂ ਤਾਈਂ ਨਮਸਕਾਰ ਹੈ ॥੧੯੨॥


Flag Counter