ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 115


ਦਰਸਨ ਧਿਆਨ ਦਿਬਿ ਦੇਹ ਕੈ ਬਿਦੇਹ ਭਏ ਦ੍ਰਿਗ ਦ੍ਰਿਬ ਦ੍ਰਿਸਟਿ ਬਿਖੈ ਭਾਉ ਭਗਤਿ ਚੀਨ ਹੈ ।

ਦਰਸਨ ਧਿਆਨ ਦਿਬਿ ਦੇਹ ਕੈ ਬਿਦੇਹ ਭਏ ਦਿੱਬ ਦੇਹ ਕੈ ਦਿੱਬ ਸਰੂਪ ਸੁੰਦਰ ਸਰੂਪ ਪ੍ਰਕਾਸ਼ਮਯ ਪਰਮਾਤਮਾ ਦੇ ਦਰਸ਼ਨ ਧਿਆਨ ਵਿਚ ਤਤਪਰ ਮਗਨ ਹੋ ਕੇ ਉਹ ਬਿਦੇਹ ਦੇਹ ਵਿਚ ਵਸਦੇ ਭੀ ਦੇਹ ਤੋਂ ਅਸੰਗ ਹੋਏ ਰਹਿੰਦੇ ਹਨ। ਅਰ ਦ੍ਰਿਗ ਨੇਤ੍ਰ ਦਿਬਿ ਦ੍ਰਿਸ਼ਟਿ ਬਿਖੈ ਸਮੂਹ ਸਰੀਰ ਇੰਦ੍ਰੀਆਂ ਤਥਾ ਮਨ ਆਦਿ ਦੀ ਚੇਸ਼ਟਾ ਨੂੰ ਦਿਬ੍ਯ ਭਾਵ ਵਿਖੇ ਅਪਣੀ ਨਿਗ੍ਹਾ ਅੰਦਰ ਰਖਣ ਵਾਲੀ ਦ੍ਰਿਸ਼ਟੀ ਰੂਪ ਜੋ ਚੈਤੰਨ ਸਰੂਪੀ ਸੱਤਾ ਹੈ, ਓਸ ਵਿਖੇ ਭਾਉ ਭਗਤਿ ਭਾਵਨਾ ਨਿਸਚਾ ਪਰਪੱਕ ਕਰ ਕੇ ਭਗਤਿ ਪ੍ਰੇਮ ਪਾਲਨਾ ਹੀ ਚੀਨ ਹੈ ਪਛਾਣਦੇ ਹਨ ਭਾਵ ਨੇਤ੍ਰ ਬਾਹਰਲੀ ਦ੍ਰਿਸ਼ਟੀ ਵੱਲੋਂ ਸੰਕੋਚ ਕੇ ਅੰਤਰ ਆਤਮੇ ਵਿਖੇ ਹੀ ਅੰਤਰ ਮੁਖ ਰਹਿਣਾ ਅਪਣਾ ਧਰਮ ਸਮਝਦੇ ਹਨ।

ਅਧਿਆਤਮ ਕਰਮ ਕਰਿ ਆਤਮ ਪ੍ਰਵੇਸ ਪਰਮਾਤਮ ਪ੍ਰਵੇਸ ਸਰਬਾਤਮ ਲਿਉ ਲੀਨ ਹੈ ।

ਅਧ੍ਯਾਤਮ ਕਰਮ ਕਰਿ ਆਤਮਾ ਨੂੰ ਆਸਰੇ ਕਰਨ ਵਾਲੇ ਕਰਮਾਂ ਨੂੰ ਕਰਦੇ ਹੋਇਆਂ ਸੰਪੂਰਣ ਕਰਮਾਂ ਦਾ ਕਰਤਾ ਅਕਰਤਾ ਸਰੂਪ ਅੰਤਰ ਆਤਮੇ ਨੂੰ ਜਾਣ ਕੇ ਤਥਾ ਸੁਖ ਦੁੱਖ ਮਈ ਫਲ ਭੋਗ ਦਾ ਅਨੁਭਈਆ ਓਸ ਨੂੰ ਸਮਝ ਕੇ ਅਹੰਭਾਵ ਰਹਿਤ ਹੋ ਕਰਮ ਕਰਦਿਆਂ ਆਤਮ ਪ੍ਰਵੇਸ ਪਹਿਲੇ ਤਾਂ ਸ਼ੁੱਧ ਆਤਮੇ ਵਿਖੇ ਹੀ ਪ੍ਰਵੇਸ਼ ਪਾਏ ਸਮਾਏ ਰਹਿੰਦੇ ਹਨ, ਫੇਰ ਇਸ ਪ੍ਰਕਾਰ ਦੇਹ ਆਦ ਅਨਾਤਮ ਪਦਾਰਥਾਂ ਤੋਂ ਅਸੰਗ ਹੋ ਕੇ ਪਰਮਾਤਮ ਪ੍ਰਵੇਸ ਪਰਮਾਤਮ ਭਾਵ ਵਿਖੇ ਲੀਨ ਹੋ ਜਾਂਦੇ ਹਨ, ਤੇ ਇਉਂ ਆਤਮਾ ਪਰਾਤਮਾ ਏਕੋ ਕਰੈ, ਆਤਮੇ ਅਰੁ ਪਰਮਾਤਮੇ ਨੂੰ ਅਭੇਦ ਕਕੇ ਸਰਬਾਤਮ ਲੀਉ ਲੀਨ ਹੈ ਸਰਬ ਦਾ ਹੀ ਆਤਮਾ ਰੂਪ ਪਰਤੱਖ ਅਨੁਭਵ ਕਰਦਿਆਂ ਇਸ ਨਿਸਚੇ ਵਿਖੇ ਲਿਵਲੀਨ ਹੋ ਜਾਂਦੇ ਹਨ।

ਸਬਦ ਗਿਆਨ ਪਰਵਾਨ ਹੁਇ ਨਿਧਾਨ ਪਾਏ ਪਰਮਾਰਥ ਸਬਦਾਰਥ ਪ੍ਰਬੀਨ ਹੈ ।

ਬੱਸ ਇਸ ਪ੍ਰਕਾਰ ਸਬਦ ਗਿਆਨ ਪਰਵਾਨ ਹੁਇ ਸ਼ਬਦ ਦੇ ਗਿਆਨ ਨੂ ਪ੍ਰਾਪਤ ਹੋ ਕੇ ਪੁਰਖ, ਪਰਵਾਣ ਪੈ ਔਂਦਾ ਹੈ ਅਰੁ ਇੰਞ ਅਧਿਕਾਰੀ ਬਣ ਕੇ ਨਿਧਾਨ ਪਾਏ ਨਿਧੀਆਂ ਦੇ ਅਸਥਾਨ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਹੈ, ਤੇ ਏਸੇ ਤਰਾਂ ਹੀ ਪਰਮਾਰਥ ਸਬਦਾਰਥ ਪ੍ਰਬੀਨ ਹੈ ਗੁਰ ਸ਼ਬਦ ਦੇ ਅਰਥ ਦਾ ਜੋ ਪਰਮਾਰਥ ਸਿਧਾਂਤ ਰੂਪ ਪਰਮ ਪ੍ਰਯੋਜਨ ਹੈ, ਓਸ ਨੂੰ ਜ੍ਯੋਂ ਕਾ ਤ੍ਯੋਂ ਸਮਝਨ ਵਿਖੇ ਪਰਬੀਨ ਮਹਾਂ ਚਤੁਰ ਅਨੁਭਵ ਵਨ ਬਣ ਜਾਂਦਾ ਹੈ।

ਤਤੈ ਮਿਲੇ ਤਤ ਜੋਤੀ ਜੋਤਿ ਕੈ ਪਰਮ ਜੋਤਿ ਪ੍ਰੇਮ ਰਸ ਬਸਿ ਭਏ ਜੈਸੇ ਜਲ ਮੀਨ ਹੈ ।੧੧੫।

ਅਰਥਾਤ ਦੇਹ ਸੰਘਾਤ ਦੇ ਸਾਖੀ ਸਰੂਪ ਸੁਧ ਤੱਤ ਵਸਤੂ ਨੂੰ ਨਿਸਚੇ ਕਰ ਕੇ ਤਤ ਸਰੂਪ ਪਰਮਾਤਮਾ ਵਿਖੇ ਮਿਲ ਜਾਂਦਾ ਹੈ ਤਾਤਪ੍ਰਯ ਇਹ ਜੋਤੀ ਨੂੰ ਜੋਤਿ ਵਿਖੇ ਮਿਲਾ ਕੇ ਪਰਮ ਜੋਤ ਸਰੂਪੀ ਹੋ ਕੇ ਐਉਂ ਪ੍ਰੇਮ ਰਸ ਬ੍ਰਹਮਾਨੰਦ ਦੇ ਅਧੀਨ ਹੋਯਾ ਰਹਿੰਦ ਹੈ, ਜਿਸ ਤਰ੍ਹਾਂ ਜਲ ਵਿਖੇ ਮੀਨ ਮੱਛ ॥੧੧੫॥


Flag Counter