ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 578


ਜੈਸੇ ਬੈਲ ਤੇਲੀ ਕੋ ਜਾਨਤ ਕਈ ਕੋਸ ਚਲ੍ਯੋ ਨੈਨ ਉਘਰਤ ਵਾਹੀ ਠਾਉ ਹੀ ਠਿਕਾਨੋ ਹੈ ।

ਜਿਵੇਂ ਤੇਲੀ ਦਾ ਬਲਦ ਜਾਣਦਾ ਹੈ ਕਿ ਮੈਂ ਕਈ ਕਹ ਚਲ ਆਇਆ ਹਾਂ, ਪਰ ਖੋਪੇ ਲਹਿੰਦਿਆਂ ਸਾਰ ਅੱਖਾਂ ਦੇ ਉਘੜਦਿਆਂ ਹੀ ਕੀ ਦੇਖਦਾ ਹੈ ਕਿ ਮੇਰਾ ਤਾਂ ਉਸੇ ਥਾਵੇਂ ਹੀ ਠਿਕਾਣਾ ਹੈ ਭਾਵ ਜਿਥੇ ਸਾਂ ਉਥੇ ਦਾ ਉਥੇ ਹੀ ਖੜਾ ਹਾਂ।

ਜੈਸੇ ਜੇਵਰੀ ਬਟਤ ਆਂਧਰੋ ਅਚਿੰਤ ਚਿੰਤ ਖਾਤ ਜਾਤ ਬਛੁਰੋ ਟਟੇਰੋ ਪਛੁਤਾਨੋ ਹੈ ।

ਜਿਵੇਂ ਅੰਨ੍ਹਾਂ ਮਨੁੱਖ ਬੇਫਿਕਰ ਹੋ ਕੇ ਰੱਸੀ ਵੱਟੀ ਜਾਂਦਾ ਹੈ, ਪਰ ਨਾਲੋ ਨਾਲ ਜੇ ਕੋਈ ਵੱਛਾ ਉਸ ਨੂੰ ਖਾਈ ਜਾਂਦਾ ਹੈ ਤਾਂ ਜਦ ਉਹ ਟਟੋਲ ਕੇ ਦੇਖਦਾ ਹੈ ਕਿ ਰੱਸੀ ਹੁਣ ਤਾਂ ਬੜੀ ਲੰਮੀ ਹੋ ਗਈ ਹੋਵੇਗੀ, ਪਰ ਰੱਸੀ ਵੱਛਾ ਖਾ ਗਿਆ ਵੇਖ ਕੇ ਪਛੁਤਾਉਂਦਾ ਹੈ।

ਜੈਸੇ ਮ੍ਰਿਗ ਤ੍ਰਿਸਨਾ ਲੌ ਧਾਵੈ ਮ੍ਰਿਗ ਤ੍ਰਿਖਾਵੰਤ ਆਵਤ ਨ ਸਾਂਤਿ ਭ੍ਰਮ ਭ੍ਰਮਤ ਹਿਰਾਨੋ ਹੈ ।

ਜਿਵੇਂ ਤ੍ਰਿਹਾਇਆ ਹਰਨ ਮ੍ਰਿਗ ਤ੍ਰਿਸ਼ਨਾ ਦੇ ਪਾਣੀ ਵੱਲ ਦੌੜਦਾ ਹੈ ਪਰ ਸ਼ਾਂਤੀ ਨਹੀਂ ਪਾਉਂਦਾ ਤੇ ਭਰਮ ਵਿਚ ਹੀ ਭਟਕਦਾ ਥੱਕ ਕੇ ਰਹਿ ਜਾਂਦਾ ਹੈ।

ਤੈਸੇ ਸ੍ਵਪਨੰਤਰੁ ਦਿਸੰਤਰ ਬਿਹਾਯ ਗਈ ਪਹੁੰਚ ਨ ਸਕ੍ਯੋ ਤਹਾਂ ਜਹਾਂ ਮੋਹਿ ਜਾਨੋ ਹੈ ।੫੭੮।

ਤਿਵੇਂ ਮੇਰੀ ਲੰਮੀ ਉਪਰ ਭੀ ਸੁਪਨੇ ਦੇ ਵਿਚ ਚਾਰੋਂ ਦਿਸ਼ਾ ਵਿਚ ਭ੍ਰਮਦਿਆਂ ਬੀਤ ਗਈ ਹੈ, ਮੈਂ ਉਥੇ ਨਹੀਂ ਪਹੁੰਚ ਸਕਿਆ ਜਿਥੇ ਕਿ ਮੈਂ ਜਾਣਾ ਸੀ ॥੫੭੮॥


Flag Counter