ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 190


ਗੁਰਮੁਖਿ ਸਬਦ ਸੁਰਤਿ ਲਿਵ ਸਾਧਸੰਗਿ ਤ੍ਰਿਗੁਨ ਅਤੀਤ ਚੀਤ ਆਸਾ ਮੈ ਨਿਰਾਸ ਹੈ ।

ਉਹ ਸਾਧ ਸੰਗਤ ਦ੍ਵਾਰੇ ਸ਼ਬਦ ਵਿਖੇ ਸੁਰਤ ਦੀ ਤਾਰ ਨੂੰ ਲੌਂਦੇ ਹੋਏ ਅਪਣਾ ਰੁਖ ਤ੍ਵੱਜੋ ਖ੍ਯਾਲ ਤਾਂਘ ਗੁਰੂ ਮਹਾਰਾਜ ਵੱਲ ਹੀ ਰਖਦਾ ਹੈ ਤੇ ਇਸੇ ਕਰ ਕੇ ਹੀ ਆਸਾਂ ਉਮੇਦਾਂ ਦੇ ਮੰਡਲ ਕਾਰਾਂ ਵਿਹਾਰਾਂ ਵਿਚ ਵਰਤਦੇ ਹੋਏ ਭੀ ਨਿਰਾਸ ਰਹਿੰਦਾ ਹੈ, ਭਾਵ ਬੇਪ੍ਰਵਾਹੀ ਵਿਚ ਖੇਲਦਾ ਹੈ ਤੇ ਓਸ ਦੇ ਚਿੱਤ ਉਪਰ ਰਜੋ ਤਮੋ ਸਤੋ ਗੁਣ ਦਾ ਕੁਦਰਤੀ ਗੇੜਾ ਅਪਣਾ ਪ੍ਰਭਾਵ ਨਹੀਂ ਪਾ ਸਕਿਆ ਕਰਦਾ।

ਨਾਮ ਨਿਹਕਾਮ ਧਾਮ ਸਹਜ ਸੁਭਾਇ ਰਿਦੈ ਬਰਤੈ ਬਰਤਮਾਨ ਗਿਆਨ ਕੋ ਪ੍ਰਗਾਸ ਹੈ ।

ਨਾਮ ਹੈ ਨਿਸ਼ਕਾਮ ਪਦ ਨਿਰਵਿਕਲਪ ਪਦਵੀ ਜਿਸ ਦਾ ਓਸ ਵਿਖੇ ਓਸ ਦਾ ਸਹਿਜ ਸੁਭਾਵ ਟਿਕਆ ਰਹਿੰਦਾ ਹੈ, ਅਰੁ ਜਿਹੀ ਵਰਤਮਾਨ ਦਾ ਵਰਤਾਰਾ ਆਨ ਵਰਤੇ ਓਸ ਵਿਖੇ ਵਰਤਦਿਆਂ ਹੋਯਾਂ ਭੀ ਓਸ ਦੇ ਅੰਦਰ ਗ੍ਯਾਨ ਮਈ ਚਾਨਣਾ ਹੀ ਪ੍ਰਗਾਸ ਉਜਾਲਾ ਕਰੀ ਰਖਦਾ ਹੈ।

ਸੂਖਮ ਸਥਲ ਏਕ ਅਉ ਅਨੇਕ ਮੇਕ ਬ੍ਰਹਮ ਬਿਬੇਕ ਟੇਕ ਬ੍ਰਹਮ ਬਿਸਵਾਸ ਹੈ ।

ਉਹ ਗਿਆਨ ਦਾ ਚਾਨਣਾ ਇਹ ਹੁੰਦਾ ਹੈ ਕਿ ਸੂਖਮ ਮਨ ਵਿਚ ਫੁਰਣ ਹਾਰੀ ਸੰਕਲਪ ਮਈ ਰਚਨਾ ਅਰੁ ਸਥੂਲ ਦ੍ਰਿਸ਼ਟਮਾਨ ਪਸਾਰਾ ਸਭ ਇਕ ਸਰੂਪ ਹੀ ਹੈ, ਅਤੇ ਇਕ ਹੀ ਇਸ ਸਮੂਹ ਅਨੇਕਤਾ ਵਿਚ ਮਿਲ੍ਯ ਹੋਯਾ ਸਾਰੇ ਏਸ ਠਾਠ ਨੂੰ ਵਰਤਾ ਰਿਹਾ ਹੈ। ਇਉਂ ਬ੍ਰਹਮ ਦੇ ਬਿਬੇਕ ਦੋ ਵਿਚ ਇੱਕ ਦੇ ਵੀਚਾਰ ਦੀ ਟੇਕ ਇਸਥਿਤੀ ਨੂੰ ਧਾਰ ਕੇ ਉਹ ਬ੍ਰਹਮ ਸਰੂਪੀ ਵਿਸ਼੍ਵਾਸ ਨਿਸਚੇ ਵਿਚ ਪ੍ਰਪੱਕ ਰਹਿੰਦਾ ਹੈ।

ਚਰਨ ਸਰਨਿ ਲਿਵ ਆਪਾ ਖੋਇ ਹੁਇ ਰੇਨ ਸਤਿਗੁਰ ਸਤ ਗੁਰਮਤਿ ਗੁਰ ਦਾਸ ਹੈ ।੧੯੦।

ਇਸ ਚਰਣ ਚੱਲਨ ਆਚਰਣ ਦ੍ਵਾਰੇ ਸ਼ਰਣ ਓਟ ਸਹਾਰਾ ਓਸ ਕਰਤਾਰ ਦਾ ਅਪਣੇ ਅੰਦਰ ਧਾਰ ਕੇ ਇਸੇ ਲਿਵ ਪ੍ਰਾਯਣ ਭਾਵ ਸਭ ਦੇ ਅੰਦਰ ਉਸ ਅਕਾਲ ਪੁਰਖ ਦੀ ਜੋਤ ਨੂੰ ਤੱਕਦਾ ਹੋਯਾ, ਆਪੇ ਨੂੰ ਗੁਵਾ ਕੇ ਸਭ ਦੇ ਚਰਣਾਂ ਦੀ ਧੂੜ ਸਮਾਨ ਨਿੰਮ੍ਰਤਾ ਵਾਨ ਹੋਯਾ ਸਤਿਗੁਰੂ ਸਤ੍ਯ ਸਰੂਪ ਹਨ ਤੇ ਓਨਾਂ ਦੀ ਗੁਰਮਤਿ ਭੀ ਸਤ੍ਯ ਸਰੂਪੀ ਹੈ ਐਸੀ ਪੱਕੀ ਭੌਣੀ ਧਾਰਨ ਹਾਰਾ ਉਹ ਸੱਚਾ ਗੁਰੂ ਦਾ ਦਾਸ ਹੈ ॥੧੯੦॥


Flag Counter