ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 372


ਬੂੰਦ ਬੂੰਦ ਬਰਖ ਪਨਾਰੇ ਬਹਿ ਚਲੈ ਜਲੁ ਬਹੁਰਿਓ ਉਮਗਿ ਬਹੈ ਬੀਥੀ ਬੀਥੀ ਆਇ ਕੈ ।

ਜਲ ਇਕ ਇਕ ਬੂੰਦ ਬੂੰਦ, ਬੂੰਦਾਂ ਬਾਂਦੀ ਬਰਸ ਬਰਸ ਪਰਨਾਲਿਆਂ ਥਾਨੀਂ ਵਗ ਤੁਰਿਆ ਕਰਦਾ ਹੈ ਤੇ ਬਹੁਰਿਓ ਉਪੰਤ੍ਰ ਉਹੀ ਪਾਣੀ ਗਲੀਆਂ ਕੂਚਿਆਂ ਵਿਚ ਆਣ ਕੇ ਉਛਲ ਉਛਲ ਵਗਿਆ ਕਰਦਾ ਹੈ।

ਤਾ ਤੇ ਨੋਰਾ ਨੋਰਾ ਭਰਿ ਚਲਤ ਚਤਰ ਕੁੰਟ ਸਰਿਤਾ ਸਰਿਤਾ ਪ੍ਰਤਿ ਮਿਲਤ ਹੈ ਜਾਇ ਕੈ ।

ਤਾਂ ਤੇ ਤਿਸੇ ਵਹਿਣ ਤੋਂ ਹੀ ਨਾਲੀ ਨਾਲਿਆਂ ਨੂੰ ਭਰਪੂਰ ਕਰ ਕੇ ਉਹ ਨਗਰਾਂ ਗ੍ਰਾਮਾਂ ਦੀਆਂ ਚਾਰੋਂ ਕੁੰਟਾਂ ਵਿਚ ਦੀ ਵਗਦਾ ਹੋਯਾ ਸਰਿਤਾ ਪ੍ਰਤਿ ਸਰਿਤਾ ਨਦੀਆਂ ਵਿਚ ਤੇ ਨਦੀਓਂ ਫੇਰ ਹੋਰ ਬੜੀ ਨਦੀ ਵਿਚ ਜਾ ਮਿਲਦਾ ਹੈ, ਅਰਥਾਤ ਨਦੀਓ ਨਦੀ ਹੁੰਦਾ ਹੋਯਾ ਉਹ:

ਸਰਿਤਾ ਸਕਲ ਜਲ ਪ੍ਰਬਲ ਪ੍ਰਵਾਹ ਚਲਿ ਸੰਗਮ ਸਮੁੰਦ੍ਰ ਹੋਤ ਸਮਤ ਸਮਾਇ ਕੈ ।

ਸਾਰੀਆਂ ਨਦੀਆਂ ਦਾ ਇਕਠਾ ਹੋਯਾ ਜਲ ਭਾਰੇ ਹੜ੍ਹ ਦੇ ਰੂਪ ਵਿਚ ਵਗਦਾ ਵਗਦਾ, ਸਮੁੰਦ੍ਰ ਦੇ ਸੰਗਮ ਮੇਲੇ ਨੂੰ ਪ੍ਰਾਪਤ ਹੋ ਓਸ ਵਿਚ ਸਮਾ ਕੇ ਮਿਲ ਕੇ ਸਮਤ ਉਸ ਦੀ ਸਮਤਾ ਵਾਲਾ ਸਮੁੰਦ੍ਰ ਸਰੂਪ ਹੀ ਬਣ ਜਾਯਾ ਕਰਦਾ ਹੈ।

ਜਾ ਮੈ ਜੈਸੀਐ ਸਮਾਈ ਤੈਸੀਐ ਮਹਿਮਾ ਬਡਾਈ ਓਛੌ ਅਉ ਗੰਭੀਰ ਧੀਰ ਬੂਝੀਐ ਬੁਲਾਇ ਕੈ ।੩੭੨।

ਗੱਲ ਕੀਹ ਕਿ ਜਿਸ ਵਿਚ ਜੇਹੋ ਜੇਹੀ ਸਮਾਈ ਹੁੰਦੀ ਹੈ, ਓਹੋ ਜੇਹੀ ਹੀ ਓਸ ਦੀ ਮਹਿਮਾ ਤੇ ਵਡ੍ਯਾਈ ਹੁੰਦੀ ਹੈ ਹੋਛੇ ਅਤੇ ਗੰਭੀਰ ਸੁਭਾਵ ਵਾਲੇ ਧੀਰਜੀ ਪੁਰਖ ਦੀ ਪਛਾਣ ਬੁਲਾਇਆਂ ਹੀ ਹੋਯਾ ਕਰਦੀ ਹੈ ॥੩੭੨॥


Flag Counter