ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 83


ਸਤਿਗੁਰ ਦੇਵ ਸੇਵ ਅਲਖ ਅਭੇਵ ਗਤਿ ਸਾਵਧਾਨ ਸਾਧ ਸੰਗ ਸਿਮਰਨ ਮਾਤ੍ਰ ਕੈ ।

ਸਾਧ ਸੰਗਤਿ ਵਿਖੇ ਸਾਵਧਾਨ ਤ੍ਯਾਰ ਬਰ ਤ੍ਯਾਰ ਹੋ ਕੇ ਸਤਿਗੁਰੂ ਦੇਵ ਪ੍ਰਕਾਸ਼ ਸਰੂਪ ਸਤਿਗੁਰਾਂ ਦੀ ਸੇਵ ਸੇਵਾ ਬੰਦਨ ਪੂਜਨ ਅਰਾਧਨ ਕਰਦਿਆਂ ਇਕ ਸਿਮਰਨ ਮਾਤ੍ਰ ਵਾਹਗੁਰੂ ਦੇ ਨਾਮ ਮਾਤ੍ਰ ਕਰ ਕੇ ਹੀ ਅਲਖ ਤੇ ਅਭੇਵ ਸਰੂਪ ਦੀ ਗਤਿ ਗ੍ਯਾਨ ਸੋਝੀ ਪ੍ਰਾਪਤੀ ਹੋ ਆਯਾ ਕਦੀ ਹੈ।

ਪਤਿਤ ਪੁਨੀਤ ਰੀਤਿ ਪਾਰਸ ਕਰੈ ਮਨੂਰ ਬਾਂਸੁ ਮੈ ਸੁਬਾਸ ਦੈ ਕੁਪਾਤ੍ਰਹਿ ਸੁਪਾਤ੍ਰ ਕੈ ।

ਜਿਸ ਤਰ੍ਹਾਂ ਪਾਰਸ ਆਪਣੇ ਸਪਰਸ਼ ਨਾਲ ਮਨੂਰ ਸੜੇ ਲੋਹੇ ਦੀ ਮੈਲ ਵਾ ਜੰਗਾਲ ਖਾਧੇ ਲੋਹੇ ਨੂੰ ਭੀ ਸੋਨਾਂ ਬਣਾ ਲੈਂਦਾ ਹੈ ਅਰੁ ਚੰਨਣ ਬਾਂਸ ਮੈਂ ਵਾਂਸ ਵਿਚ ਭੀ ਸੁਗੰਧੀ ਨੂੰ ਧਸਾ ਦਿੰਦਾ ਹੈ ਇਸੇ ਰੀਤੀ ਨਾਲ ਹੀ ਏਸੇ ਤਰਾਂ ਸਤਿਗੁਰੂ ਕੁਪਾਤ੍ਰਹਿ ਅਨ ਅਧਿਕਾਰੀਆਂ ਨੂੰ ਭੀ ਸੁਪਾਤ੍ਰ ਕੈ ਸ੍ਰੇਸ਼੍ਟ ਅਧਿਕਾਰੀ ਸੱਚੇ ਗੁਰਮੁਖ ਬਣਾ ਕੇ ਪਤਿਤਾਂ ਭੈੜੇ ਆਚਰਣ ਵਾਲਿਆਂ ਨੂੰ ਭੀ ਪੁਨੀਤ ਪਰਮ ਪਵਿਤ੍ਰ ਬਣਾ ਲਿਆ ਕਰਦੇ ਹਨ।

ਪਤਿਤ ਪੁਨੀਤ ਕਰਿ ਪਾਵਨ ਪਵਿਤ੍ਰ ਕੀਨੇ ਪਾਰਸ ਮਨੂਰ ਬਾਂਸ ਬਾਸੈ ਦ੍ਰੁਮ ਜਾਤ੍ਰ ਕੈ ।

ਇੱਕੇ ਹੀ ਬਸ ਨਹੀਂ ਹੋ ਜਾਂਦੀ ਸਗੋਂ ਜਿਨਾਂ ਪਤਿਤਾਂ ਨੂੰ ਭੀ ਸਤਿਗੁਰੂ ਪੁਨੀਤ ਬਣਾਯਾ ਹੈ ਓਨਾਂ ਨੇ ਸਿੱਖ ਸਜ ਕੇ ਅਗੇ ਹੋਰਨਾਂ ਭੀ ਕਈਆਂ ਜਣਿਆਂ ਨੂੰ ਪਾਵਨ ਪਵਿਤ੍ਰ ਕਾਰਕ ਬਣਾ ਕੇ ਕਈਆਂ ਨੂੰ ਫੇਰ ਪਵਿਤ੍ਰ ਕੀਨੇ ਸ੍ਵੱਛ ਬਣਾ ਲਿਆ ਹੈ ਮਾਨੋ ਐਸੀ ਕਲਾ ਵਰਤਾਈ ਕਿ ਮਨੂਰ ਸ੍ਵਸੰ ਪਾਰਸ ਬਣ ਨਿਕਲੇ, ਅਰੁ ਬਾਂਸੈ ਬਾਂਸ ਆਪਣੀ ਬਾਸਨਾ ਸੁਗੰਧੀ ਅਗੇ ਵਸੌਣ ਲਗ ਪਏ, ਅਰਥਾਤ ਜਿਹੜੇ ਜਿਹੜੇ ਦ੍ਰੁਮ ਬਿਰਛ ਅਧਿਕਾਰੀ, ਜਾਤ੍ਰ ਕੈ ਓਨਾਂ ਦੀ ਜਾਤ੍ਰਾ ਮੇਲ ਮਿਲਾਪ ਕਰਨ ਲਈ ਨੇੜੇ ਆਏ, ਓਨ੍ਹਾਂ ਨੂੰ ਸਿੱਖ ਸਜਾ ਲਿਆ।

ਸਰਿਤਾ ਸਮੁੰਦ੍ਰ ਸਾਧਸੰਗਿ ਤ੍ਰਿਖਾਵੰਤ ਜੀਅ ਕ੍ਰਿਪਾ ਜਲ ਦੀਜੈ ਮੋਹਿ ਕੰਠ ਛੇਦ ਚਾਤ੍ਰਕੈ ।੮੩।

ਪਰ ਐਸੇ ਗੁਰੂ ਕੇ ਸਿੱਖਾਂ ਦੇ ਸਤਿਸੰਗ ਸਰਿਤਾ ਨਦੀਆਂ ਅਰੁ ਸਮੁੰਦ੍ਰ ਦੇ ਸਮਾਨ ਹੁੰਦੇ ਹਨ, ਜੋ ਤ੍ਰਿਖਾਵੰਤ ਪ੍ਯਾਸਿਆਂ ਜੀਵਾਂ ਜਿਗ੍ਯਾਸੂਆਂ ਸਿੱਕਵੰਦਾਂ ਦੀਆਂ ਆਸਾਂ ਨੂੰ ਤਾਂ ਪੂਰਨ ਕਰ ਦਿਆ ਕਰਦੇ ਹਨ ॥੮੩॥


Flag Counter