ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 11


ਗੁਰ ਸਿਖ ਸੰਧਿ ਮਿਲੇ ਬੀਸ ਇਕੀਸ ਈਸ ਇਤ ਤੇ ਉਲੰਘਿ ਉਤ ਜਾਇ ਠਹਰਾਵਈ ।

ਗੁਰੂ ਸਿੱਖ ਦੀ ਸੰਧਿ ਜੋੜ = ਮਿਲਾਪ ਦੇ ਮਿਲਿਆਂ ਵਾ ਜੁੜਿਆਂ ਅਰਥਾਤ ਇਨਾਂ ਦੇ ਆਪੋ ਵਿਚ ਪਤੀਜ ਪਿਆਂ, ਬੀਸ ਇਕ = ਇਕ ਕੋੜੀ ਦਾ ਆਦਮੀ ਸਿੱਖੀ ਦਾ ਪਾਤਰ ਜਗਿਆਸੀ ਈਸ ਈਸ = ਈਸ਼੍ਵਰਾਂ ਪ੍ਰਤਾਪੀਆਂ ਦਾ ਭੀ ਈਸ਼੍ਵਰ ਪ੍ਰਤਾਪੀ ਪੁਰਖ ਬਣ ਜਾਂਦਾ ਹੈ। ਇਤ ਇਸ ਲੋਕ ਤੋਂ ਉਲੰਘ ਪਾਰ ਹੋ ਕੇ ਉਤ ਓਸ ਲੋਕ ਲੋਕ ਪਾਰਬ੍ਰਹਮ ਦੇ ਦੇਸ਼ ਵਿਖੇ ਜਾ ਠਹਿਰਦਾ ਨਿਵਾਸ ਜਾ ਕਰਦਾ ਹੈ।

ਚਰਮ ਦ੍ਰਿਸਟਿ ਮੂਦ ਪੇਖੈ ਦਿਬ ਦ੍ਰਿਸਟਿ ਕੈ ਜਗਮਗ ਜੋਤਿ ਓੁਨਮਨੀ ਸੁਧ ਪਾਵਈ ।

ਚੰਮ ਦੀ ਦ੍ਰਿਸ਼ਟੀ ਬਾਹਰਲੀਆਂ ਅੱਖਾਂ ਨੂੰ ਬੰਦ ਕਰ ਕੇ, ਜਦ ਦਿੱਬ ਦ੍ਰਿਸ਼ਟੀ ਅੰਤਰੀਵੀ = ਮਾਨਸੀ ਨੇਤ੍ਰ ਨਾਲ, ਧ੍ਯਾਨ ਕਰੇ ਤੱਕੇ, ਤਾਂ ਉਨਮਨੀ ਭਾਵ ਮਨ ਦੇ ਅੰਤਰ ਮੁਖੀ ਦਸ਼ਾ ਵਿਚ ਉਲਟ ਆਇਆਂ ਅਰਥਾਤ ਅੰਤਰ ਲਖ੍ਯ ਬਾਹਰ ਦ੍ਰਿਸ਼ਟੀ ਦੀ ਪ੍ਰਪੱਕ ਅਵਸਥਾ ਵਿਖ, ਜਗਮਗ ਜਗਮਗ ਦਗ ਦਗ ਕਰ ਰਹੀ ਨਿਰੰਕਾਰੀ ਜੋਤ ਪ੍ਰਕਾਸ਼ ਦੀ ਸੁੱਧ ਅਨੁਭਵ = ਸੂਝ ਨੂੰ ਸਿੱਖ ਪ੍ਰਾਪਤ ਹੋ ਜਾਂਦਾ ਹੈ।

ਸੁਰਤਿ ਸੰਕੋਚਤ ਹੀ ਬਜਰ ਕਪਾਟ ਖੋਲਿ ਨਾਦ ਬਾਦ ਪਰੈ ਅਨਹਤ ਲਿਵ ਲਾਵਈ ।

ਤਾਤਪਰਯ ਕੀਹ ਕਿ ਸੁਰਤ ਨੂੰ 'ਸੰਕੋਚਤ ਹੀ' ਸੰਕੋਚਦੇ ਸਾਰ ਅਰਥਾਤ ਬਾਹਰਲੇ ਪਸਾਰੇ ਵਲੋਂ ਅੰਤਰਮੁਖ ਕਰਣ ਸਾਰ ਹੀ ਮੋਖ ਦ੍ਵਾਰ ਦੇ ਬਜ੍ਰਵਤ ਦ੍ਰਿੜ੍ਹ ਜੜਿਆਂ ਹੋਇਆਂ ਆਸਾ ਅੰਦੇਸਾ ਰੂਪ ਕਿਵਾੜਾਂ ਨੂੰ ਖੋਲ੍ਹ ਕੇ ਬਾਦ ਸਾਜ ਬਾਜ ਆਦਿ ਦੀ ਨਾਦ ਸਾਂਗੀਤਿਕ ਧੁਨੀ ਤੋਂ ਪਰੇ ਅਨਹਤ ਪੌਣ ਆਦਿਕਾਂ ਦੀ ਅੰਤਰੀਵੀ ਚੋਟ ਅਥਵਾ ਹਿਲੋਰ = ਹਰਕਤ ਆਦਿ ਤੋਂ ਉਤਪੰਨ ਹੋਣਹਾਰੀ ਧੁਨੀ ਤੋਂ ਵਿਲੱਖਣ ਧੁਨੀ ਵਿਚ ਲਿਵ ਲਗ ਜਾਂਦੀ ਹੈ।

ਬਚਨ ਬਿਸਰਜਤ ਅਨ ਰਸ ਰਹਿਤ ਹੁਇ ਨਿਝਰ ਅਪਾਰ ਧਾਰ ਅਪਿਉ ਪੀਆਵਈ ।੧੧।

ਜਦ ਕਿ ਬਚਨ ਬਿਲਾਸ ਤਿਆਗ ਕੇ ਮਾਹਰਮੁਖੀ ਸ੍ਵਾਦਾਂ ਤੋਂ ਰਹਿਤ ਹੋਇਆ ਹੋਇਆ ਨਿਝਰ ਨਿਰੰਤਰ ਝਰ ਰਹੀ ਅਪਾਰ ਧਾਰਾ ਵਾਨ ਅਪਿਉ ਅੰਮ੍ਰਿਤ = ਅਨਭਉ ਰਸ ਨੂੰ ਪੀਆ ਕਰਦਾ ਹੈ ॥੧੧॥